ਮੌਤ ਬਣ ਕੇ ਹਵਾ 'ਚ ਉੱਡ ਰਹੀ ਚਾਈਨਾ ਡੋਰ ਨੇ ਵੱਢਿਆ ਨੌਜਵਾਨ ਦਾ ਗਲਾ

01/27/2020 8:34:03 PM

ਸਮਰਾਲਾ, (ਗਰਗ, ਬੰਗੜ)- ਪੰਜਾਬ ਵਿਚ ਪਾਬੰਦੀ ਦੇ ਬਾਵਜੂਦ ਸ਼ਰੇਆਮ ਦੁਕਾਨਾਂ 'ਤੇ ਵਿੱਕ ਰਹੀ ਚਾਈਨਾ ਡੋਰ ਹਰ ਰੋਜ਼ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਪਰ ਬੇਵੱਸ ਹੋਇਆ ਕਾਨੂੰਨ ਇਨ੍ਹਾਂ ਦੁਕਾਨਦਾਰਾਂ ਖਿਲਾਫ਼ ਕਾਰਵਾਈ ਦੀ ਹਿੰਮਤ ਨਹੀਂ ਵਿਖਾ ਰਿਹਾ ਹੈ। ਪੁਲਸ ਪ੍ਰਸ਼ਾਸਨ ਦੀ ਖੁੱਲ੍ਹੀ ਛੋਟ ਸਦਕਾ ਇਲਾਕੇ 'ਚ ਵਿਕ ਰਹੀ ਚਾਈਨਾ ਡੋਰ ਦੀ ਲਪੇਟ ਵਿਚ ਆਏ ਇਕ ਨੌਜਵਾਨ ਦਾ ਗਲਾ ਇੰਨੀ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਕਿ ਡਾਕਟਰਾਂ ਨੂੰ ਉਸ ਦੇ 15 ਟਾਂਕੇ ਲਗਾਉਣੇ ਪਏ ਅਤੇ ਬੜੀ ਮੁਸ਼ਕਲ ਨਾਲ ਇਸ ਨੌਜਵਾਨ ਦੀ ਜਾਨ ਬਚੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਕੋਦਰ ਵਾਸੀ ਜੈਕਰਨ ਸਿੰਘ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ 'ਤੇ ਸਮਰਾਲਾ ਵੱਲ ਆ ਰਿਹਾ ਸੀ।
ਪਿੰਡ ਚਹਿਲਾਂ ਨੇੜੇ ਪੁੱਜਣ 'ਤੇ ਹਵਾ ਵਿਚ ਉੱਡ ਰਹੀ ਚਾਈਨਾ ਡੋਰ ਨੇ ਇਸ ਨੌਜਵਾਨ ਨੂੰ ਆਪਣੇ ਲਪੇਟੇ ਵਿਚ ਲੈ ਲਿਆ ਅਤੇ ਬੁਰੀ ਤਰ੍ਹਾਂ ਨਾਲ ਡੋਰ 'ਚ ਉਲਝੇ ਇਸ ਨੌਜਵਾਨ ਦੇ ਗਲ਼ੇ ਸਮੇਤ ਹੱਥ ਅਤੇ ਬਾਹਾਂ ਵੱਢੀਆਂ ਗਈਆਂ। ਜ਼ਖਮੀ ਹਾਲਤ ਵਿਚ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਲਹੂ-ਲੁਹਾਨ ਹੋਏ ਇਸ ਨੌਜਵਾਨ ਨੂੰ ਬਚਾਉਣ ਲਈ ਡਾਕਟਰਾਂ ਨੇ ਭਾਰੀ ਜੱਦੋ-ਜਹਿਦ ਕਰਦੇ ਹੋਏ ਉਸ ਦੀ ਚਮੜੀ ਅੰਦਰ ਫਸੀ ਚਾਈਨਾ ਡੋਰ ਨੂੰ ਬਾਹਰ ਕੱਢਿਆ। ਬੁਰੀ ਤਰ੍ਹਾਂ ਨਾਲ ਵੱਢੀ ਗਈ ਇਸ ਨੌਜਵਾਨ ਦੀ ਗਰਦਨ 'ਤੇ ਡਾਕਟਰਾਂ ਨੂੰ 15 ਟਾਂਕੇ ਲਗਾਉਣੇ ਪਏ ਅਤੇ ਇਸ ਤੋਂ ਇਲਾਵਾ ਕਈ ਟਾਂਕੇ ਉਸ ਦੇ ਹੱਥ 'ਤੇ ਵੀ ਲੱਗੇ। ਉਸਦੇ ਨਾਲ ਦੇ ਸਾਥੀ ਨੇ ਦੱਸਿਆ ਕਿ ਇਕਦਮ ਡੋਰ ਵਿਚ ਫਸਣ ਤੋਂ ਬਾਅਦ ਜਿਵੇਂ ਹੀ ਜੈਕਰਨ ਸਿੰਘ ਦੀ ਗਰਦਨ ਵੱਢੀ ਗਈ ਤਾਂ ਉਹ ਇਕ ਪਲ ਲਈ ਤਾਂ ਬੇਜਾਨ ਹੀ ਹੋ ਗਿਆ ਸੀ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ ਗਈ। ਸਮਰਾਲਾ ਇਲਾਕੇ ਵਿਚ ਚਾਈਨਾ ਡੋਰ ਨਾਲ ਇਸ ਨੌਜਵਾਨ ਦੀ ਇੰਝ ਗਰਦਨ ਵੱਢੇ ਜਾਣ ਦੀ ਘਟਨਾ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਇੱਥੇ ਕੋਈ ਕਾਇਦਾ-ਕਾਨੂੰਨ ਨਹੀਂ ਅਤੇ ਚੰਦ ਪੈਸਿਆਂ ਦੇ ਲਾਲਚ ਵਿਚ ਦੁਕਾਨਦਾਰ ਸ਼ਰੇਆਮ ਪਾਬੰਦੀਸ਼ੁਦਾ ਚਾਈਨਾ ਡੋਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੰਨਾ ਸ਼ਹਿਰ ਵਿਚ ਵਾਪਰੇ ਅਜਿਹੇ ਹੀ ਇਕ ਹਾਦਸੇ ਵਿਚ ਚਾਈਨਾ ਡੋਰ ਨਾਲ ਇਕ ਵਿਅਕਤੀ ਦੀ ਜਾਨ ਚਲੇ ਜਾਣ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਲਈ ਸਿੱਧੇ ਤੌਰ 'ਤੇ ਪੁਲਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਲਾਕਾ ਐੱਸ.ਐੱਚ.ਓ. 'ਤੇ ਕਾਰਵਾਈ ਲਈ ਚਾਰਾਜੋਈ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਵੇਲੇ ਦੇ ਐੱਸ.ਐੱਚ.ਓ. 'ਤੇ ਚਾਈਨਾ ਡੋਰ ਦੀ ਵਿੱਕਰੀ ਰੋਕਣ 'ਚ ਲਾਪਰਵਾਹੀ ਵਰਤਣ ਲਈ ਉਸ 'ਤੇ ਗਾਜ਼ ਡਿੱਗੀ ਸੀ। ਹਾਲਾਂਕਿ ਹਰ ਸਾਲ ਹੀ ਸਥਾਨਕ ਪ੍ਰਸ਼ਾਸਨ ਵੀ ਚਾਈਨਾ ਡੋਰ ਦੀ ਵਿੱਕਰੀ ਨੂੰ ਰੋਕਣ ਲਈ ਕੀਤੀ ਜਾਣ ਵਾਲੀ ਖਾਨਾਪੂਰਤੀ ਲਈ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦੇਣ ਤੋਂ ਇਲਾਵਾ ਚਾਈਨਾ ਡੋਰ ਦੀ ਵਿੱਕਰੀ 'ਤੇ ਨਿਗ੍ਹਾ ਰੱਖਣ ਦੇ ਵੱਡੇ-ਵੱਡੇ ਦਾਅਵੇ ਕਰਦਾ ਹੈ ਪਰ ਅਸਲੀਅਤ ਵਿਚ ਸੱਚਾਈ ਇਹ ਹੈ ਕਿ ਹਵਾ ਵਿਚ ਉੱਡ ਰਹੀ ਜਾਨਲੇਵਾ ਚਾਈਨਾ ਡੋਰ ਸੌਖਿਆ ਹੀ ਦੁਕਾਨਦਾਰਾਂ ਕੋਲੋਂ ਮਿਲ ਜਾਂਦੀ ਹੈ।

ਚਾਈਨਾ ਡੋਰ ਵੇਚਣ ਦੇ 2 ਮਾਮਲੇ ਦਰਜ ਹੋਏ : ਡੀ. ਐੱਸ. ਪੀ.
ਸਥਾਨਕ ਡੀ.ਐੱਸ.ਪੀ. ਹਰਿੰਦਰ ਸਿੰਘ ਮਾਨ ਨੇ ਕੱਲ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੇ ਜ਼ਖਮੀ ਹੋਣ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪੁਲਸ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ਼ ਸਖ਼ਤੀ ਨਾਲ ਨਿਪਟ ਰਹੀ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਦੇ ਦੋਸ਼ ਵਿਚ ਦੋ ਦੁਕਾਨਦਾਰਾਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਪਾਬੰਦੀ ਦੇ ਬਾਵਜੂਦ ਇਹ ਜਾਨਲੇਵਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੋਂ ਇਲਾਵਾ ਖਰੀਦਦਾਰਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News