ਪੇਇੰਗ ਗੈਸਟਾਂ ਖਿਲਾਫ ਵੱਡੇ ਪੱਧਰ ''ਤੇ ਚੈਕਿੰਗ ਮੁਹਿੰਮ, 52 ਕੇਸ ਦਰਜ

07/14/2019 9:33:10 PM

ਮੋਹਾਲੀ/ਖਰੜ (ਕੁਲਦੀਪ, ਰਣਬੀਰ, ਅਮਰਦੀਪ, ਸ਼ਸ਼ੀ)— ਜ਼ਿਲਾ ਪੁਲਸ ਵਲੋਂ ਐਤਵਾਰ ਸਬ-ਡਵੀਜ਼ਨ ਜ਼ੀਰਕਪੁਰ ਅਤੇ ਖਰੜ ਵਿਖੇ ਪੇਇੰਗ ਗੈਸਟ (ਪੀ. ਜੀ.) ਖ਼ਿਲਾਫ਼ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਰਾਏਦਾਰਾਂ ਦੇ ਦਸਤਾਵੇਜ਼ ਤੇ ਹੋਰ ਵੇਰਵੇ ਜਾਂਚੇ ਗਏ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 52 ਕੇਸ ਦਰਜ ਕੀਤੇ ਗਏ।
ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ. ਪੀ. (ਹੈੱਡਕੁਆਰਟਰ) ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿਚ ਸਬ-ਡਵੀਜ਼ਨ ਜ਼ੀਰਕਪੁਰ ਵਿਖੇ ਅਤੇ ਐੱਸ. ਪੀ. (ਟ੍ਰੈਫਿਕ) ਕੇਸਰ ਸਿੰਘ ਦੀ ਅਗਵਾਈ ਵਿਚ ਸਬ-ਡਵੀਜ਼ਨ ਖਰੜ ਵਿਚਲੇ ਰਿਹਾਇਸ਼ੀ ਇਲਾਕਿਆਂ ਵਿਚ ਪੀ. ਜੀ. ਅਤੇ ਇਨ੍ਹਾਂ ਵਿਚ ਰਹਿੰਦੇ ਕਿਰਾਏਦਾਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੋਵੇਂ ਸਬ-ਡਵੀਜ਼ਨਾਂ ਵਿਚ ਮਹਿਲਾ ਪੁਲਸ ਮੁਲਾਜ਼ਮਾਂ ਸਮੇਤ 300 ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੇ 48 ਪੀ. ਜੀ. ਅਤੇ 90 ਸੋਸਾਇਟੀਆਂ/ਕਾਲੋਨੀਆਂ ਵਿਚ ਰਹਿੰਦੇ ਕਿਰਾਏਦਾਰਾਂ ਦੀ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰ ਕੇ ਕਿਰਾਏਦਾਰਾਂ ਦੀ ਪੜਤਾਲ ਲਾਜ਼ਮੀ ਕੀਤੀ ਹੋਈ ਹੈ। ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਇਹ ਗੱਲ ਧਿਆਨ ਵਿਚ ਆਈ ਸੀ ਕਿ ਕੁਝ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿਚ ਬਿਨਾਂ ਪੜਤਾਲ ਤੋਂ ਪੇਇੰਗ ਗੈਸਟ ਅਤੇ ਕਿਰਾਏਦਾਰ ਰੱਖੇ ਹੋਏ ਹਨ, ਜਿਸ ਮਗਰੋਂ ਇਹ ਚੈਕਿੰਗ ਕਰਵਾਈ ਗਈ। ਚੈਕਿੰਗ ਦੌਰਾਨ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਪੜਤਾਲ ਤੋਂ ਪੀ. ਜੀ. ਅਤੇ ਕਿਰਾਏਦਾਰ ਰੱਖੇ ਹੋਏ ਸਨ, ਉਨ੍ਹਾਂ ਖ਼ਿਲਾਫ਼ 52 ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਮਕਾਨ ਮਾਲਕਾਂ ਨੇ ਮਕਾਨਾਂ ਵਿਚ ਪੀ. ਜੀ. ਜਾਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ। ਭਵਿੱਖ ਵਿਚ ਵੀ ਜਿਹੜੇ ਮਕਾਨ ਮਾਲਕ ਨਾਜਾਇਜ਼ ਤੌਰ 'ਤੇ ਅਤੇ ਬਿਨਾਂ ਪੜਤਾਲ ਤੋਂ ਪੀ. ਜੀ. ਅਤੇ ਕਿਰਾਏਦਾਰ ਰੱਖਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੋਹਾਲੀ ਪੁਲਸ ਵਲੋਂ 7 ਜੁਲਾਈ ਨੂੰ ਪੀ. ਜੀ. ਦੀ ਚੈਕਿੰਗ ਲਈ ਵੱਡੇ ਪੱਧਰ 'ਤੇ ਮੁਹਿੰਮ ਵਿੱਢੀ ਗਈ ਸੀ, ਜਿਸ ਦੌਰਾਨ ਸਬ-ਡਵੀਜ਼ਨ ਸ਼ਹਿਰੀ-1 ਅਤੇ ਸਬ-ਡਵੀਜ਼ਨ ਸ਼ਹਿਰੀ-2 ਵਿਚ ਪੈਂਦੇ ਰਿਹਾਇਸ਼ੀ ਏਰੀਏ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਜਿਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਪੜਤਾਲ ਤੋਂ ਪੀ. ਜੀ. ਅਤੇ ਕਿਰਾਏਦਾਰ ਰੱਖੇ ਹੋਏ ਸਨ, ਉਨ੍ਹਾਂ ਮਕਾਨ ਮਾਲਕਾਂ ਖ਼ਿਲਾਫ਼ 60 ਕੇਸ ਦਰਜ ਕੀਤੇ ਗਏ ਸਨ।


KamalJeet Singh

Content Editor

Related News