ਚੰਦੂਮਾਜਰਾ ਵੱਲੋਂ ਡੱਲੇਵਾਲ ਨਾਲ ਮੁਲਾਕਾਤ, ਸ਼ੁਭਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜਤਾਈ ਹਮਦਰਦੀ
Thursday, Feb 22, 2024 - 04:07 PM (IST)
ਪਟਿਆਲਾ (ਬਰਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਿੰਦਰਾ ਹਸਪਤਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਵੀ ਕੀਤੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ 21 ਫਰਵਰੀ ਨੂੰ ਦਿੱਲੀ ਰਵਾਨਾ ਹੋਣ ਮੌਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੇ ਸ਼ੰਭੂ ਬਾਰਡਰ ਅਤੇ ਖ਼ਨੌਰੀ ਬਾਰਡਰ ਵਿਖੇ ਹਰਿਆਣਾ ਸਰਕਾਰ ਵੱਲੋਂ ਤਾਇਨਾਤ ਪੁਲਸ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ ਦੇ ਛੱਡੇ ਗਏ ਗੋਲਿਆਂ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਾਹ ਲੈਣ ’ਚ ਦਿੱਕਤ ਆਈ ਤਾਂ ਉਨ੍ਹਾਂ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ’ਚ ਅਜੇ ਸੁਧਾਰ ਹੋ ਰਿਹਾ ਹੈ, ਜੋ ਜਲਦ ਹੀ ਮੁੜ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨਗੇ। ਇਸ ਮੌਕੇ ਗੱਲਬਾਤ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ੰਭੂ ਬਾਰਡਰ ਅਤੇ ਖ਼ਨੌਰੀ ਬਾਰਡਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਤਾਇਨਾਤ ਕੀਤੀ ਫੋਰਸ ਨਾਲ ਹਰਿਆਣਾ ਅਤੇ ਪੰਜਾਬ ਸਰਕਾਰ ਦੀ ਜਿਥੇ ਨਲਾਇਕੀ ਸਾਹਮਣੇ ਆਈ ਹੈ, ਉਥੇ ਹੀ ਦੋਵੇਂ ਸੂਬਾ ਸਰਕਾਰਾਂ ਹਾਲਾਤ ਵਿਗਾੜਨ ਲਈ ਵੀ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੀ ਮੰਗਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਪੰਜਾਬ ਸਰਕਾਰ
ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨਾਂ, ਨੌਜਵਾਨਾਂ ’ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕਿਸਾਨੀ ਮੰਗਾਂ ਦੀ ਲਗਾਤਾਰ ਕੇਂਦਰ ’ਚ ਬੈਠੀ ਸਰਕਾਰ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕੀਤੇ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਬੈਰੀਅਰ ਨੂੰ ਬਾਰਡਰ ਬਣਾਉਣ ’ਤੇ ਲੱਗੀਆਂ ਹੋਈਆਂ ਹਨ, ਜਦਕਿ ਵਿਧਾਨਕ ਅਤੇ ਸੰਵਿਧਾਨਕ ਫਰਜ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਭੂਮਿਕਾ ਅਤੇ ਮੁੱਖ ਮੰਤਰੀ ਵੱਲੋਂ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ ਕੀਤੀ ਜਾ ਰਹੀ ਵਿਚੌਲਗੀ ਨਾਲ ਬਿੱਲੀ ਥੈਲਿਓ ਬਾਹਰ ਆ ਗਈ ਹੈ, ਜੋ ਪੰਜਾਬ ਅਤੇ ਪੰਜਾਬੀਆਂ ਨਾਲ ਵੱਡਾ ਵਿਸ਼ਵਾਸ਼ਘਾਤ ਕਰ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਗੱਲਾਂ ਨਾਲ ਢਿੱਡ ਭਰਨਾ ਚਾਹੁੰਦਾ ਹੈ, ਜਦਕਿ ਰਾਜਪੁਰਾ ਅਤੇ ਹੋਰ ਥਾਵਾਂ ’ਤੇ ਲਗਾਏ ਨਾਕੇ ਸਪੱਸ਼ਟ ਕਰਦੇ ਹਨ ਕਿ ਸਰਕਾਰ ਹੀ ਕੇਂਦਰ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਉਹ ਸ਼ਿਕਾਰ ਨਾਲ ਜਾਂ ਸ਼ਿਕਾਰੀ ਨਾਲ ਹਨ, ਉਹ ਕੁੱਟਣ ਜਾਂ ਕੁੱਟਣ ਵਾਲਿਆਂ ਨਾਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਸਰਕਾਰ ਦੇ ਪੁਲਸ ਅਧਿਕਾਰੀਆਂ ’ਤੇ ਮਾਮਲੇ ਦਰਜ ਕੀਤੇ ਜਾਣ, ਜਿਨ੍ਹਾਂ ਨੇ ਹੱਦ ਪਾਰ ਕਰਕੇ ਪੰਜਾਬ ’ਚ ਦਾਖ਼ਲ ਹੋ ਕੇ ਹਾਲਾਤ ਵਿਗਾੜੇ।
ਇਹ ਵੀ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ
ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਹਾਲਾਤ ਨੂੰ ਨਹੀਂ ਸੰਭਾਲ ਸਕਦੇ ਤਾਂ ਸਰਬ ਪਾਰਟੀ ਬੈਠਕ ਬੁਲਾ ਕੇ ਇਸ ਮਸਲੇ ਦੇ ਹੱਲ ਵੱਲ ਵੱਧਣ। ਉਨ੍ਹਾਂ ਕਿਹਾ ਕਿ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਭੈਭੀਤ ਨਹੀਂ ਕਰ ਸਕਦੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿਸਾਨਾਂ ਦੀਆਂ ਮੰਗਾਂ ਵੱਲ ਕੇਂਦਰ ਸਰਕਾਰ ਨੂੰ ਫੌਰੀ ਧਿਆਨ ਦੇ ਕੇ ਵਿਚਾਰ ਚਰਚਾ ਨਾਲ ਇਸ ਮਸਲੇ ਦਾ ਸੰਜੀਦਾ ਹੱਲ ਕਰਨਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਸਮੇਤ ਸਮੂਹ ਆਗੂਆਂ ਨੇ ਰਾਜਿੰਦਰਾ ਹਸਪਤਾਲ ਦੀ ਮੌਰਚਰੀ ਵਿਖੇ ਸ਼ੁਭਰਕਨ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਰਿਵਾਰਕ ਅਤੇ ਰਿਸ਼ਤੇਦਾਰ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਜ਼ਿਲ੍ਹਾ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਕੈਪਟਨ ਖੁਸ਼ਵੰਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e