ਮਾਨਸਾ ਦੀਆਂ ਦੁਕਾਨਾਂ ਖੋਲ੍ਹਣ ਲਈ ਸਰਕਾਰ ਨੂੰ ਭੇਜਿਆ ਚੇਅਰਮੈਨ ਮਿੱਤਲ ਨੇ ਸੁਨੇਹਾ

05/22/2020 11:41:20 PM

ਮਾਨਸਾ, (ਮਿੱਤਲ)- ਲਾਕਡਾਊਨ ਦੌਰਾਨ ਸਮੱਸਿਆ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਰਾਹਤ ਦੇਣ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਦੇਣ ਦੀ ਮੰਗ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮੰਗ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ, ਡੀ.ਜੀ.ਪੀ ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਪੀ.ਏ, ਐੱਸ.ਐੱਫ.ਟੀ ਦੇ ਹਰਪ੍ਰੀਤ ਸਿੰਘ, ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਜ਼ਿਲ੍ਹਾ ਮਾਨਸਾ ਪ੍ਰਸ਼ਾਸ਼ਨ ਨੂੰ ਲਿਖਤੀ ਸੰਦੇਸ਼ ਭੇਜ ਚੁੱਕੇ ਹਨ ਅਤੇ ਤਰਕ ਦਿੱਤਾ ਹੈ ਕਿ ਸੰਘਣੀ ਅਬਾਦੀ ਵਾਲਾ ਲੁਧਿਆਣਾ ਜ਼ਿਲ੍ਹਾ ਪੂਰਨ ਤੌਰ ਤੇ ਖੁੱਲ੍ਹਾ ਹੈ। ਉਸ ਤੋਂ ਕਿਤੇ ਛੋਟਾ ਅਤੇ ਵਿਰਲਾ ਜ਼ਿਲ੍ਹਾ ਮਾਨਸਾ ਮੁੰਕਮਲ ਤੌਰ ਤੇ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਪੰਜਾਬ ਦੇ ਕਾਰੋਬਾਰ ਦੀ ਹੱਬ ਹੈ ਅਤੇ ਪੂਰੇ ਪੰਜਾਬ ਦਾ ਉਦਯੋਗ ਲੁਧਿਆਣਾ ਨਾਲ ਜੁੜਿਆ ਹੋਇਆ ਹੈ। ਪਰ ਲਾਕਡਾਊਨ ਵਿੱਚ ਢਿੱਲ ਮਿਲਣ ਤੋਂ ਬਾਅਦ ਵੀ ਪੂਰਨ ਤੋਰ ਤੇ ਖੁੱਲ੍ਹਾ ਹੈ। ਉੱਥੇ ਦੁਕਾਨਾਂ ਦਾ ਸਮਾਂ ਜਾਂ ਰੋਟੇਸ਼ਨ ਨਹੀਂ ਬਣਾਈ ਹੋਈ ਹੈ ਅਤੇ ਨਾ ਹੀ ਦੁਕਾਨਾਂ ਖੋਲ੍ਹਣ ਦੀ ਸਮਾਂ ਸਾਰਨੀ ਬਣਾਈ ਗਈ ਹੈ। 
ਜ਼ਿਲ੍ਹਾ ਯੌਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਦੇਸ਼ ਵਿੱਚ ਭਲਾਂ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਪਰ ਸੁੱਖਦ ਖਬਰ ਇਹ ਵੀ ਹੈ ਕਿ ਹੁਣ ਇਸ ਦੇ ਕੇਸ ਘਟਣ ਲੱਗੇ ਹਨ। ਪ੍ਰੇਮ ਮਿੱਤਲ ਨੇ ਦੱਸਿਆ ਕਿ ਮਾਨਸਾ ਵਿਖੇ ਹਰ ਦਿਨ ਉਨ੍ਹਾਂ ਨੂੰ ਛੋਟੇ ਵਪਾਰੀ, ਦੁਕਾਨਦਾਰ ਅਤੇ ਰੋਜਾਨਾ ਕਮਾ ਕੇ ਰੋਟੀ ਖਾਣ ਵਾਲੇ ਛੋਟੇ ਧੰਦੇ ਕਰਨ ਵਾਲੇ ਵਿਅਕਤੀ ਮਿਲਦੇ ਹਨ। ਜਿਨ੍ਹਾਂ ਦੀ ਮੰਗ ਹੁੰਦੀ ਹੈ । ਉਹ ਇਸ ਲਾਕਡਾਊਨ ਵਿੱਚ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਉਹ ਸਰਕਾਰ ਪਾਸੋਂ ਦੁਕਾਨਾਂ ਖੋਲ੍ਹਣ ਦੀ ਇਜਾਜਤ ਦਿਵਾਉਣ। ਪ੍ਰੇਮ ਮਿੱਤਲ ਨੇ ਦੱਸਿਆ ਕਿ ਅਜਿਹੀਆਂ ਅਨੇਕਾਂ ਮੰਗਾਂ ਨੂੰ ਮੰਗ ਪੱਤਰ ਦੇ ਰੂਪ ਵਿੱਚ ਡੀ.ਸੀ ਮਾਨਸਾ ਨੂੰ ਸੋਂਪ ਚੁੱਕੇ ਹਨ। ਪ੍ਰੇਮ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦਾ ਆਪਣਾ ਨਿਵਾਸ ਸਥਾਨ ਲੁਧਿਆਣਾ ਵਿਖੇ ਹੈ। ਉਹ ਵੇਖਦੇ ਹਨ ਕਿ ਹਰ ਕਾਰੋਬਾਰ ਨਾਲ ਜੁੜੀ ਹੋਈ ਦੁਕਾਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹਦੀ ਹੈ। ਛੋਟੇ-ਛੋਟੇ ਕੰਮਾਂ ਨਾਲ ਜੁੜੀਆਂ ਦੁਕਾਨਾਂ ਵੀ ਖੁੱਲ੍ਹਦੀਆਂ ਹਨ ਅਤੇ ਹਰ ਦੁਕਾਨ, ਹਰ ਕਾਰੋਬਾਰੀ, ਬਿਨ੍ਹਾਂ ਡਰ ਭੈਅ ਦੇ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ। ਪਰ ਇਸ ਦੇ ਉਲਟ ਲੁਧਿਆਣਾ ਤੋਂ ਕਿਤੇ ਛੋਟਾ ਜਿਲ੍ਹਾ ਮਾਨਸਾ ਹਲੇ ਵੀ ਕੋਰੋਨਾ ਮਹਾਂਮਾਰੀ ਦੇ ਭੈਅ ਵਿੱਚੋਂ ਨਹੀਂ ਨਿਕਲਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅੱਜ ਸੰਦੇਸ਼ ਭੇਜ ਕੇ ਮੰਗ ਕੀਤੀ ਹੈ ਕਿ ਮਾਨਸਾ ਵਿੱਚ ਵੀ ਲੁਧਿਆਣਾ ਦੀ ਤਰ੍ਹਾਂ ਸਾਰੀਆਂ ਦੁਕਾਨਾਂ ਪਹਿਲਾਂ ਵਾਂਗ ਖੋਲ੍ਹਣ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਲੋਕਾਂ ਦਾ ਛੋਟਾ ਅਤੇ ਵੱਡਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇ। ਇਸ ਮੌਕੇ ਵਪਾਰੀ ਆਗੂ ਸੁਰੇਸ਼ ਕੁਮਾਰ ਨੰਦਗੜ੍ਹੀਆ, ਸਤਿੰਦਰ ਕੁਮਾਰ ਗੋਰਾ ਲਾਲ, ਅਗਰਵਾਲ ਸਭਾ ਦੇ ਅਸ਼ੋਕ ਕੁਮਾਰ, ਜਗਤ ਰਾਮ, ਰੂਲਦੂ ਰਾਮ, ਪ੍ਰਸ਼ੋਤਮ ਬਾਂਸਲ, ਗੋਲਡੀ, ਬਲਜੀਤ ਸ਼ਰਮਾ ਤੋਂ ਇਲਾਵਾ ਅਨੇਕਾਂ ਵੱਖ-ਵੱਖ ਕਾਰੋਬਾਰ ਨਾਲ ਜੁੜੇ ਵਪਾਰੀ ਮੌਜੂਦ ਸਨ।


Bharat Thapa

Content Editor

Related News