ਕੇਂਦਰੀ ਜੇਲ ਪਟਿਆਲਾ ''ਚੋਂ ਹੋਰ 4 ਮੋਬਾਇਲ ਫੋਨ ਬਰਾਮਦ

01/22/2020 7:46:08 PM

ਪਟਿਆਲਾ,(ਬਲਜਿੰਦਰ)- ਕੇਂਦਰੀ ਜੇਲ ਪਟਿਆਲਾ ਵਿਚ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਇਕ ਮਹੀਨੇ 'ਚ ਡੇਢ ਦਰਜਨ ਤੋਂ ਜ਼ਿਆਦਾ ਮੋਬਾਈਲ ਫੋਨ ਕੇਂਦਰੀ ਜੇਲ ਪਟਿਆਲਾ 'ਚੋਂ ਬਰਾਮਦ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਜੇਲ ਅੰਦਰ ਮੋਬਾਇਲ ਕਿਸ ਤਰ੍ਹਾਂ ਜਾ ਰਹੇ ਹਨ।

ਤਾਜ਼ਾ ਮਾਮਲਿਆਂ 'ਚ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਗਏ, ਜਿਸ ਨੂੰ ਲੈ ਕੇ ਥਾਣਾ ਤ੍ਰਿਪੜੀ ਦੀ ਪੁਲਸ ਨੇ ਚਾਰ ਕੇਸ ਦਰਜ ਕੀਤੇ ਹਨ। ਪਹਿਲੇ ਕੇਸ ਵਿਚ ਕੈਦੀ ਗੁਰਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਢੰਡ ਥਾਣਾ ਸਰਾਏ ਅਮਾਨਤ ਖਾਂ ਜ਼ਿਲਾ ਤਰਨਤਾਰਨ ਹਾਲ ਕੈਦੀ ਕੇਂਦਰੀ ਜੇਲ ਪਟਿਆਲਾ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਉਕਤ ਵਿਅਕਤੀ ਮੋਬਾਇਲ ਫੋਨ 'ਤੇ ਗੱਲਾਂ ਕਰਦਾ ਦੇਖਿਆ ਗਿਆ, ਜਦੋਂ ਉਸ ਤੋਂ ਮੋਬਾਇਲ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਮੋਬਾਈਲ ਚੱਕੀਆਂ ਦੇ ਬਾਹਰ ਸੁੱਟ ਦਿੱਤਾ। ਚੈੱਕ ਕਰਨ 'ਤੇ ਨੀਲੇ ਰੰਗ ਦਾ ਸੈਮਸੰਗ ਮੋਬਾਇਲ, ਬੈਟਰੀ ਤੇ ਸਿਮ ਸਮੇਤ ਬਰਾਮਦ ਕੀਤਾ ਗਿਆ।

ਦੂਜੇ ਕੇਸ 'ਚ ਤ੍ਰਿਪੜੀ ਪੁਲਸ ਨੇ ਸਹਾਇਕ ਸੁਪਰਡੈਂਟ ਜਗਦੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ। ਜਿਸ ਵਿਚ ਬੈਰਕ ਨੰ. 5/6 ਅਤੇ 6/2 ਦੀ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਬਰਾਮਦ ਹੋਇਆ। ਤੀਜੇ ਕੇਸ ਵਿਚ ਸਹਾਇਕ ਸੁਪਰਡੈਂਟ ਜਗਦੀਸ਼ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਬਿਕਰਮ ਪ੍ਰਤਾਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤੇਜਬਾਗ ਕਾਲੌਨੀ ਪਟਿਆਲਾ ਖਿਲਾਫ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਹਵਾਲਾਤੀ ਬਿਕਰਮ ਪ੍ਰਤਾਪ ਸਿੰਘ ਬੈਰਕ ਨੰ. 5/6 ਅਤੇ 6/2 ਦੀ ਤਲਾਸ਼ੀ ਦੌਰਾਨ ਉਸ ਤੋਂ ਇਕ ਚਿੱਟੇ ਰੰਗ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਚੌਥੇ ਕੇਸ ਵਿਚ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਹੋਇਆ ਹੈ। ਜੇਲ ਪ੍ਰਸ਼ਾਸਨ ਅਨੁਸਾਰ ਚੱਕੀਆਂ ਦੇ ਗੇਟ ਵਿਚ ਛੁਪਾ ਕੇ ਰੱਖਿਆ ਹੋਇਆ ਦੁੱਧ ਦੀ ਥੈਲੀ ਵਰਗਾ ਕਾਗਜ਼ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਗੋਲਡਨ ਰੰਗ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਵੀ ਪੁਲਸ ਨੇ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ।


Related News