ਬੇਸਹਾਰਾ ਪਸ਼ੂ ਅੱਗੇ ਆਉਣ ’ਤੇ ਬੇਕਾਬੂ ਹੋਇਆ ਟਰੱਕ-ਟਰਾਲਾ ਸਰਵਿਸ ਸਟੇਸ਼ਨ ’ਚ ਵੜਿਆ

Wednesday, Oct 19, 2022 - 11:21 PM (IST)

ਬੇਸਹਾਰਾ ਪਸ਼ੂ ਅੱਗੇ ਆਉਣ ’ਤੇ ਬੇਕਾਬੂ ਹੋਇਆ ਟਰੱਕ-ਟਰਾਲਾ ਸਰਵਿਸ ਸਟੇਸ਼ਨ ’ਚ ਵੜਿਆ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ 'ਤੇ ਤੜਕੇ ਟਰੱਕ-ਟਰਾਲੇ ਅੱਗੇ ਇਕ ਬੇਸਹਾਰਾ ਪਸ਼ੂ ਆ ਜਾਣ ਕਾਰਨ ਬੇਕਾਬੂ ਹੋਏ ਟਰੱਕ-ਟਰਾਲੇ ਵੱਲੋਂ ਇਕ ਸਰਵਿਸ ਸਟੇਸ਼ਨ ਦੀ ਕੰਧ ਢਾਹ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ-ਟਰਾਲੇ ਦੇ ਚਾਲਕ ਮਾਂਗੀ ਰਾਮ ਵਾਸੀ ਬੀਕਾਨੇਰ ਨੇ ਦੱਸਿਆ ਕਿ ਉਹ ਜ਼ੀਰਕਪੁਰ ਤੋਂ ਆਪਣਾ ਟਰੱਕ ਖਾਲੀ ਕਰਕੇ ਜਦੋਂ ਵਾਪਸ ਬੀਕਾਨੇਰ ਨੂੰ ਜਾ ਰਿਹਾ ਸੀ ਤਾਂ ਤੜਕੇ ਕਰੀਬ ਸਾਢੇ 4 ਵਜੇ ਭਵਾਨੀਗੜ੍ਹ-ਸੰਗਰੂਰ ਰੋਡ 'ਤੇ ਉਸ ਦੇ ਟਰੱਕ ਅੱਗੇ ਇਕ ਬੇਸਹਾਰਾ ਗਊ ਆ ਜਾਣ ਕਾਰਨ ਗਊ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦਾ ਟਰੱਕ-ਟਰਾਲਾ ਬੇਕਾਬੂ ਹੋ ਗਿਆ ਅਤੇ ਨੈਸ਼ਨਲ ਹਾਈਵੇ 'ਤੇ ਲੱਗੀਆਂ ਗਰਿੱਲਾਂ ਨੂੰ ਤੋੜਦਾ ਹੋਇਆ ਡਿਵਾਈਡਰ ਤੇ ਸਰਵਿਸ ਰੋਡ ਨੂੰ ਪਾਰ ਕਰਕੇ ਸਰਵਿਸ ਸਟੇਸ਼ਨ ’ਚ ਜਾ ਵੜਿਆ ਅਤੇ ਸਰਵਿਸ ਸਟੇਸ਼ਨ ਦੀ ਇਕ ਕੰਧ ਢਹਿ-ਢੇਰੀ ਕਰ ਦਿੱਤੀ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਕਾਰਾ: ਜ਼ਮੀਨ ਖਾਤਿਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਟਰਾਲਾ ਚਾਲਕ ਨੇ ਦੱਸਿਆ ਕਿ ਇਸ ਘਟਨਾ ’ਚ ਉਹ ਵਾਲ-ਵਾਲ ਬਚ ਗਿਆ ਪਰ ਉਸ ਟਰੱਕ-ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸਰਵਿਸ ਸਟੇਸ਼ਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਸਰਵਿਸ ਸਟੇਸ਼ਨ ਦੇ ਪਿੱਛੇ ਹੀ ਹੈ ਤੇ ਬੇਕਾਬੂ ਹੋਇਆ ਟਰੱਕ-ਟਰਾਲਾ ਸਰਵਿਸ ਸਟੇਸ਼ਨ ਦੀ ਕੰਧ ਨਾਲ ਟਕਰਾਉਣ ਤੋਂ ਬਾਅਦ ਹੀ ਰੁਕਿਆ, ਜੇਕਰ ਇਹ ਕੰਧ ਨਾ ਹੁੰਦੀ ਤਾਂ ਇਸ ਨੇ ਹੋਰ ਅੱਗੇ ਵੱਧ ਕੇ ਕਾਫੀ ਨੁਕਸਾਨ ਕਰਨਾ ਸੀ। ਸ਼ਹਿਰ ’ਚ ਨੈਸ਼ਨਲ ਹਾਈਵੇ ਸਮੇਤ ਲਿੰਕ ਸੜਕਾਂ 'ਤੇ ਰਾਤ ਸਮੇਂ ਘੁੰਮਦੇ ਅਤੇ ਸੜਕਾਂ ਵਿਚਕਾਰ ਬੈਠੇ ਰਹਿੰਦੇ ਬੇਸਹਾਰਾ ਪਸ਼ੂ ਵਾਹਨ ਚਾਲਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਇਨ੍ਹਾਂ ਪਸ਼ੂਆਂ ਦਾ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਥੇ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਵੀ ਹੈ ਕਿ ਰਾਤ ਸਮੇਂ ਨੈਸ਼ਨਲ ਹਾਈਵੇ 'ਤੇ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਹਨੇਰੇ ’ਚ ਇਹ ਪਸ਼ੂ ਵਾਹਨ ਚਾਲਕਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਇਕ ਦਮ ਅੱਗੇ ਆਉਣ ’ਤੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ: ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀਆਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News