2 ਅਖੌਤੀ ਪੱਤਰਕਾਰਾਂ ''ਤੇ ਪਰਚਾ ਦਰਜ, ਸੋਸ਼ਲ ਮੀਡੀਆ ''ਤੇ ਲੋਕਾਂ ਨੂੰ ਕਰਦੇ ਸਨ ਬਲੈਕਮੇਲ

Wednesday, Aug 24, 2022 - 08:14 PM (IST)

2 ਅਖੌਤੀ ਪੱਤਰਕਾਰਾਂ ''ਤੇ ਪਰਚਾ ਦਰਜ, ਸੋਸ਼ਲ ਮੀਡੀਆ ''ਤੇ ਲੋਕਾਂ ਨੂੰ ਕਰਦੇ ਸਨ ਬਲੈਕਮੇਲ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਪੁਲਸ ਵੱਲੋਂ ਪੱਤਰਕਾਰਤਾ ਦੇ ਖੇਤਰ 'ਚ ਕਥਿਤ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ 2 ਅਖੌਤੀ ਪੱਤਰਕਾਰਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐੱਸ.ਐੱਸ.ਪੀ. ਸਚਿਨ ਗੁਪਤਾ ਨੇ ਦੱਸਿਆ ਕਿ ਇਹ ਕਥਿਤ ਅਖੌਤੀ ਪੱਤਰਕਾਰ ਪੱਤਰਕਾਰਤਾ ਦੀ ਆੜ 'ਚ ਆਏ ਦਿਨ ਲੋਕਾਂ ਤੋਂ ਪੈਸੇ ਲੈਣ ਦੇ ਮੰਤਵ ਨਾਲ ਝੂਠੀਆਂ ਤੇ ਮਨਘੜਤ ਵੀਡੀਓ ਬਣਾ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਦਾ ਡਰਾਵਾ ਦੇ ਕੇ ਕਥਿਤ ਰੂਪ 'ਚ ਬਲੈਕਮੇਲ ਕਰਦੇ ਸਨ। ਇਸ ਸਬੰਧੀ ਇਕ ਫਰਿਆਦੀ ਦੀ ਦਰਖਾਸਤ 'ਤੇ ਗੌਰ ਕਰਦਿਆਂ ਉਨ੍ਹਾਂ ਥਾਣਾ ਸਿਟੀ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਘੋਖ-ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।

ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦਾ PA ਲੱਖਾਂ ਦਾ ਚੂਨਾ ਲਾ ਕੇ ਭੱਜਿਆ ਵਿਦੇਸ਼, ਮਾਮਲਾ ਦਰਜ

ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਮਾਮਲੇ ਦੀ ਜਾਂਚ ਕਰਦਿਆਂ ਪਾਇਆ ਕਿ ਇਨ੍ਹਾਂ ਅਖੌਤੀ ਪੱਤਰਕਾਰਾਂ ਵੱਲੋਂ ਫਰੀਆਦੀ ਨੂੰ ਤੰਗ-ਪ੍ਰੇਸ਼ਾਨ ਕਰਨ, ਜਾਤੀ ਸੂਚਕ ਸ਼ਬਦ ਵਰਤਣ, ਝੂਠੇ ਸਬੂਤ ਪੇਸ਼ ਕਰਨ, ਫਰਜ਼ੀ ਦਸਤਾਵੇਜ਼ ਤਿਆਰ ਕਰਨ, ਡਰਾਉਣ-ਧਮਕਾਉਣ ਅਤੇ ਪੈਸਿਆਂ ਦੀ ਮੰਗ ਕਰਨ 'ਤੇ ਆਈ.ਪੀ.ਸੀ. ਦੀ ਧਾਰਾ 193, 420, 465, 468, 471, 506 ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਅਖੌਤੀ ਪੱਤਰਕਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਸਿਫਾਰਸ਼ ਕੀਤੀ ਗਈ ਸੀ ਕਿ ਇਹ ਅਖੌਤੀ ਪੱਤਰਕਾਰ ਦਫ਼ਤਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਰਹੇ ਹਨ, ਜਿਸ ਨਾਲ ਦਫ਼ਤਰ ਦਾ ਅਕਸ ਖਰਾਬ ਹੋਣ ਦੇ ਨਾਲ-ਨਾਲ ਦਫਤ਼ਰ ਦੇ ਸਟਾਫ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਪੱਤਰਕਾਰਤਾ ਦੀ ਆੜ 'ਚ ਭੋਲੇ-ਭਾਲੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News