ਬਜ਼ੁਰਗ ਦੇ ਟੀਕਾ ਲਾਉਣ ''ਤੇ ਮੌਤ ਹੋਣ ਦੇ ਮਾਮਲੇ ''ਚ ਮੈਡੀਕਲ ਸਟੋਰ ਮਾਲਕ ਖ਼ਿਲਾਫ਼ ਮਾਮਲਾ ਦਰਜ

03/18/2023 2:53:52 AM

ਬਰੇਟਾ (ਬਾਂਸਲ) : ਮੈਡੀਕਲ ਸਟੋਰ ਤੋਂ ਦਵਾਈ ਲੈਣ ਗਏ ਬਜ਼ੁਰਗ ਦੇ ਟੀਕਾ ਲਾਉਣ ਤੋਂ ਬਾਅਦ ਮੌਤ ਹੋ ਜਾਣ ਦੇ ਮਾਮਲੇ 'ਚ ਪੁਲਸ ਨੇ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਸਤਿਗੁਰ ਸਿੰਘ ਵਾਸੀ ਪਿੰਡ ਜੁਗਲਾਨ ਦੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਨਾਜਮ ਸਿੰਘ (64) ਪੁੱਤਰ ਗੁਲਬੰਤ ਸਿੰਘ ਨਾਲ ਬੁਢਲਾਡਾ ਤੋਂ ਕੰਮ ਕਰਕੇ ਬਰੇਟਾ ਮੰਡੀ 'ਚ ਪਹੁੰਚੇ ਸਨ ਤਾਂ ਨਾਜਮ ਉਸ ਨੂੰ ਖੰਘ ਦੀ ਦਵਾਈ ਲੈਣ ਜੈ ਅੰਬੇ ਮੈਡੀਕਲ ਸਟੋਰ ਗਿਆ, ਜਿੱਥੇ ਦੁਕਾਨ ਮਾਲਕ ਉਸ ਨੂੰ ਦਵਾਈ ਦੀ ਬਜਾਏ ਟੀਕਾ ਲਾਉਣ ਲਈ ਅੰਦਰ ਲੈ ਗਿਆ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਕੁਝ ਸਮਾਂ ਬੀਤ ਜਾਣ 'ਤੇ ਮੈਂ ਦੇਖਿਆ ਤਾਂ ਨਾਜਮ ਸਿੰਘ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਇਸ 'ਤੇ ਮੈਂ ਘਬਰਾ ਗਿਆ ਅਤੇ ਦੁਕਾਨ ਮਾਲਕ ਨੂੰ ਕਿਹਾ ਕਿ ਇਸ ਨੂੰ ਜਲਦ ਕਿਸੇ ਹੋਰ ਹਸਪਤਾਲ ਲੈ ਚੱਲੀਏ ਤਾਂ ਦੁਕਾਨ ਮਾਲਕ ਆਨਾਕਾਨੀ ਕਰਨ ਲੱਗਾ। ਉਪਰੰਤ ਗੱਡੀ ਕਰਕੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਨਾਜਮ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਐੱਸਐੱਚਓ ਗੁਰਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਸਤਿਗੁਰ ਸਿੰਘ ਦੇ ਬਿਆਨ 'ਤੇ ਮੈਡੀਕਲ ਸਟੋਰ ਦੇ ਵਿਕਾਸ ਕੁਮਾਰ ਪੁੱਤਰ ਵਿਜੇ ਕੁਮਾਰ ਖ਼ਿਲਾਫ਼ ਧਾਰਾ 304 ਦਾ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਦੁਕਾਨਦਾਰ ਵੱਲੋਂ ਮਰੀਜ਼ ਦੇਖਣ ਜਾਂ ਦਵਾਈ ਦੇਣ ਸਬੰਧੀ ਕੋਈ ਵੀ ਕਾਗਜ਼ਾਤ ਪੁਲਸ ਨੂੰ ਪੇਸ਼ ਨਹੀਂ ਕੀਤੇ ਗਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News