ਕੈਪਟਨ ਦਾ ਹਰਸਿਮਰਤ ਨੂੰ ਜਵਾਬ, ਮੈਂ ਆਪਣੇ ਸੂਬੇ ਤੇ ਪਾਰਟੀ ਦਾ ਵਫਾਦਾਰ

01/10/2019 8:11:18 PM

ਚੰਡੀਗੜ੍ਹ,(ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਦੀ ਵਫ਼ਾਦਾਰੀ 'ਤੇ ਚੁੱਕੇ ਸਵਾਲ ਦੀ ਸਖ਼ਤ ਆਲੋਚਨਾ ਕਰਦਿਆਂ ਆਖਿਆ ਕਿ ਉਹ ਆਪਣੇ ਸੂਬੇ ਅਤੇ ਆਪਣੀ ਪਾਰਟੀ ਦੇ ਵਫ਼ਾਦਾਰ ਹਨ ਜਦਕਿ ਕੇਂਦਰੀ ਮੰਤਰੀ ਸਮੇਤ ਸਾਰਾ ਬਾਦਲ ਪਰਿਵਾਰ ਨਿਜਪ੍ਰਸਤੀ 'ਚ ਗਲਤਾਨ ਹੈ। ਵਾਰ-ਵਾਰ ਝੂਠ ਬੋਲਣ 'ਤੇ ਅਕਾਲੀ ਲੀਡਰਸ਼ਿਪ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਅਤੇ ਬਾਦਲਾਂ ਲਈ ਨਾ ਤਾਂ ਪੰਜਾਬ ਤੇ ਇਥੋਂ ਦੇ ਲੋਕ ਅਤੇ ਨਾ ਹੀ ਸਿੱਖ ਪੰਥ ਕੋਈ ਮਹੱਤਵ ਰੱਖਦਾ ਹੈ, ਜਦਕਿ ਅਕਾਲੀ ਅਕਸਰ ਇਨ੍ਹਾਂ ਦੇ ਰਖਵਾਲੇ ਹੋਣ ਦਾ ਢੰਡੋਰਾ ਪਿਟਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿਰਫ ਤੇ ਸਿਰਫ ਆਪਣੇ ਸੌੜੇ ਹਿੱਤਾਂ ਨਾਲ ਹੀ ਵਫ਼ਾਦਾਰੀ ਪੁਗਾਉਂਦਾ ਆਇਆ ਹੈ।
ਕੇਂਦਰੀ ਮੰਤਰੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਦੱਸ ਕੇ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨਿਰਸੰਦੇਹ ਹੈ ਅਤੇ ਉਹ ਕਾਂਗਰਸ ਦੇ ਵੀ ਪੂਰੇ ਵਫ਼ਾਦਾਰ ਹਨ। ਜਿਸ ਪਾਰਟੀ ਦੀ ਸਰਕਾਰ ਦੀ ਉਹ ਸੂਬੇ 'ਚ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ,''ਪਰ ਤੁਹਾਡੀ (ਹਰਸਿਮਰਤ ਕੌਰ) ਪਾਰਟੀ ਦੀ ਵਫ਼ਾਦਾਰੀ 'ਤੇ ਜਿੱਥੇ ਤੁਹਾਡੇ ਪਾਰਟੀ ਮੈਂਬਰਾਂ ਨੇ ਉਂਗਲ ਚੁੱਕੀ ਹੈ ਸਗੋਂ ਪੰਜਾਬ ਦੇ ਲੋਕਾਂ ਨੇ ਵੀ ਤੁਹਾਡੀ ਪਾਰਟੀ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ। ਜਿਨ੍ਹਾਂ ਦਾ ਜੀਵਨ ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬੇਰਹਿਮੀ ਨਾਲ ਤਬਾਹ ਕਰ ਦਿੱਤਾ ਗਿਆ। ਮੁੱਖ ਮੰਤਰੀ ਅਤੇ ਸੂਬਾ ਸਰਕਾਰ ਖਿਲਾਫ਼ ਹਰਸਿਮਰਤ ਕੌਰ ਦੇ ਦੋਸ਼ਾਂ 'ਤੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਇਹ ਦੋਸ਼ ਆਧਾਰਹੀਣ ਅਤੇ ਬੇਬੁਨਿਆਦ ਹਨ। ਜਿਨ੍ਹਾਂ ਦਾ ਉਦੇਸ਼ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਹਾਸਲ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਵੀ ਬਾਦਲ ਪਰਿਵਾਰ ਦੇ ਦੂਜੇ ਮੈਂਬਰਾਂ ਵਾਂਗ ਧੋਖਾ ਅਤੇ ਫਰੇਬ ਦੀ ਕਲਾ ਦੀ ਉਸਤਾਦ ਹੈ ਤੇ ਪੰਜਾਬ ਦੇ ਲੋਕਾਂ ਵਲੋਂ ਉਸ ਦੀ ਪਾਰਟੀ ਅਤੇ ਸਿਆਸਤ ਨੂੰ ਮੂੰਧੇ ਮੂੰਹ ਸੁੱਟ ਦਿੱਤੇ ਜਾਣ ਤੋਂ ਬਾਅਦ ਵੀ ਉਸ ਨੇ ਝੂਠੀਆਂ ਅਤੇ ਮਨਘੜਤ ਗੱਲਾਂ ਦੀ ਲੜੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਛੇਤੀ ਹੋਣ ਜਾ ਰਹੀਆਂ ਸੰਸਦੀ ਚੋਣਾਂ 'ਚ ਆਪਣੀ ਸਪੱਸ਼ਟ ਹਾਰ ਦਿੱਸਦੀ ਹੋਣ ਕਰਕੇ ਅਕਾਲੀ ਹੁਣ ਬੁਖਲਾ ਗਏ ਹਨ।


Related News