ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਕਿਤਾਬ ਦੀ ਦੁਬਈ ''ਚ ਵੀ ਬੱਲੇ-ਬੱਲੇ, ਰਿਲੀਜ਼ ਸਮਾਰੋਹ ਅਮਿੱਟ ਯਾਦਾਂ ਛੱਡ ਗਿਆ

05/08/2024 6:17:21 PM

ਦੁਬਈ : ਫੋਕ ਸਟੂਡੀਓਜ਼ ਈਵੈਂਟਸ ਆਰਗੇਨਾਈਜ਼ਰ, ਦੁਬਈ ਵੱਲੋਂ ਸਾਬੀ ਸਾਂਝ ਦੀ ਸਰਪ੍ਰਸਤੀ ਹੇਠ ਪ੍ਰਸਿੱਧ ਲੇਖਕ ਅਤੇ ਗਾਇਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਨਵੀਂ ਕਿਤਾਬ ''ਹੈਲੋ ! ਮੈਂ ਲਾਹੌਰ ਤੋਂ ਬੋਲਦਾਂ'' ਦੀ ਘੁੰਡ-ਚੁਕਾਈ ਸਬੰਧੀ ਸਥਾਨਕ ਸ਼ੈਰਾਟਨ ਗਰੈਂਡ ਹੋਟਲ ਵਿਖੇ 5 ਮਈ ਨੂੰ ਸ਼ਾਮ 3 ਵਜੇ ਤੋਂ ਇੱਕ ਸ਼ਾਨਦਾਰ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅੰਤਰ ਰਾਸ਼ਟਰੀ ਪੱਧਰ `ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੁਲਾਰਿਆਂ ਅਤੇ ਪਾਠਕਾਂ ਨੇ ਹਿੱਸਾ ਲਿਆ। ਇਸ ਸਮਾਰੋਹ ਵਿੱਚ ਹੋਰਨਾਂ ਦੇਸ਼ਾਂ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਜਿਨ੍ਹਾਂ ਸਖ਼ਸ਼ੀਅਤਾਂ ਨੇ ਹਿੱਸਾ ਲਿਆ, ਉਨ੍ਹਾਂ ਵਿੱਚ ਨਾਸਿਰ ਢਿੱਲੋਂ, ਹਰਫ਼ ਚੀਮਾ, ਵੀ.ਪੀ. ਸਿੰਘ ਗਿੱਲ, ਮਨਪ੍ਰੀਤ ਕੌਰ ਸਿੱਧੂ, ਕੁਲਦੀਪ ਚਿਰਾਗ, ਰਵੀ ਮੁਲਤਾਨੀ ਆਦਿ ਦੇ ਨਾਂ ਪ੍ਰਮੁੱਖ ਹਨ।

PunjabKesari

ਪ੍ਰਿੰਟ ਵੈੱਲ ਵੱਲੋਂ ਪ੍ਰਕਾਸ਼ਿਤ ਗਿੱਲ ਰੌਂਤਾ ਦੀ ਇਹ ਪੁਸਤਕ ਅੰਤਰ ਰਾਸ਼ਟਰੀ ਪੱਧਰ `ਤੇ ਨਾਮਣਾ ਖੱਟ ਰਹੀ ਹੈ। ਜ਼ਿਕਰਯੋਗ ਹੈ ਕਿ ਕਿਤਾਬ ਰਿਲੀਜ਼ ਹੋਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਇਸਦੇ ਚਾਰ ਐਡੀਸ਼ਨ ਛਪ ਚੁੱਕੇ ਹਨ ਅਤੇ 10000 ਕਾਪੀਆਂ ਵਿਕਣ ਦਾ ਰਿਕਾਰਡ ਬਣਿਆ ਹੈ। ਇਸ ਸਮਾਰੋਹ ਵਿਚ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਗਿੱਲ ਰੌਂਤਾ ਨੇ ਇਸ ਕਿਤਾਬ ਨੂੰ ਲਿਖਣ ਸਬੰਧੀ ਗੱਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਲਹਿੰਦੀ ਅਤੇ ਚੜ੍ਹਦੇ ਪੰਜਾਬ `ਚ ਵੱਸਦੇ ਲੋਕਾਂ ਦੇ ਦਿਲਾਂ ਦੀ ਬਾਤ ਪਾਉਂਦੀ ਹੈ। ਈਵੈਂਟ ਦੇ ਆਰਗੇਨਾਈਜ਼ਰ ਸਾਬੀ ਸਾਂਝ ਨੇ ਦੱਸਿਆ ਕਿ ਇਹ ਕਿਤਾਬ ਆਪਣੇ ਆਪ ਵਿਚ ਇੱਕ ਵਿਲੱਖਣ ਕ੍ਰਿਤ ਹੈ। ਲੇਖਕ ਨੇ ਕਿਤੇ ਵੀ ਭਾਰੇ ਜਾਂ ਮੁਸ਼ਕਿਲ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਪਾਠਕਾਂ ਦਾ ਦਿਲ ਜਿੱਤ ਲਿਆ ਹੈ। 

ਉਨ੍ਹਾਂ ਕਿਹਾ ਕਿ ਦੁਬਈ ਵਿਚ ਹੋਣ ਵਾਲਾ ਇਹ ਆਪਣੀ ਕਿਸਮ ਦਾ ਪਹਿਲਾ ਈਵੈਂਟ ਹੈ, ਜਿਸ ਵਿਚ ਪੰਜਾਬੀ ਕਿਤਾਬਾਂ ਨੂੰ ਅੰਤਰ ਰਾਸ਼ਟਰੀ ਪ੍ਰਸਿੱਧੀ ਦਿਵਾਉਣ ਦਾ ਸਫ਼ਲ ਉਪਰਾਲਾ ਕੀਤਾ ਗਿਆ। ਇਸ ਸਮਾਰੋਹ ਦੌਰਾਨ ਗਿੱਲ ਰੌਂਤਾ ਨਾਲ ਸੰਵਾਦ ਵੀ ਰਚਾਇਆ ਗਿਆ ਅਤੇ ਮਹਿਮਾਨਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਅਤੇ ਕਿਤਾਬ ਦੀ ਰਚਨਾ ਪ੍ਰਕਿਰਿਆ ਬਾਰੇ ਸਵਾਲ ਜਵਾਬ ਕੀਤੇ।


Gurminder Singh

Content Editor

Related News