ਕੈਪਟਨ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਅਧਿਆਪਕਾਂ ਦਾ ਰੋਹ ਭਖਿਆ

10/12/2018 10:58:38 AM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਤਰਸੇਮ ਢੁੱਡੀ)— ਪਿਛਲੇ 10 ਸਾਲਾਂ ਤੋਂ ਸਿੱਖਿਆ ਵਿਭਾਗ 'ਚ ਪੂਰੇ ਗਰੇਡ ਤੇ ਸੇਵਾਵਾਂ ਨਿਭਾਅ ਰਹੇ ਐੱਸ. ਐੱਸ. ਏ. ਰਮਸਾ/ਆਦਰਸ਼ ਮਾਡਲ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ 'ਤੇ 15,300 ਦੇ ਨਿਗੂਣੇ ਗਰੇਡ ਅਤੇ ਸੇਵਾਵਾਂ ਨਿਭਾਉਣ ਦੇ ਕੈਬਨਿਟ ਦੇ ਫੈਸਲੇ ਖਿਲਾਫ ਅਧਿਆਪਕਾਂ ਦਾ ਰੋਹ ਸੱਤ ਅਸਮਾਨੀ ਪੁੱਜਣ ਲੱਗਾ ਹੈ। ਦੂਜੇ ਪਾਸੇ ਸਿੱਖਿਆ ਮੰਤਰੀ ਦਾ ਅਧਿਆਪਕ ਵਿਰੋਧੀ ਵਤੀਰਾ ਇਸ ਰੋਹ ਨੂੰ ਹੋਰ ਭੜਕਾ ਰਿਹਾ ਹੈ। ਸਾਂਝੇ ਅਧਿਆਪਕ ਮੋਰਚੇ ਦੀ ਪਹਿਲ ਕਦਮੀਂ 'ਤੇ ਅੱਜ ਅਧਿਆਪਕਾਂ ਨੇ ਆਪਣੇ ਰੋਹ ਨੂੰ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਾਉਣ ਲਈ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਕੋਠੀ ਸਾਹਵੇਂ ਰੋਸ ਰੈਲੀ ਕੀਤੀ, ਜਿਸ 'ਚ ਵੱਡੀ ਗਿਣਤੀ 'ਚ ਅਧਿਆਪਕ ਵੀ ਸ਼ਾਮਲ ਸਨ।

ਪੰਜਾਬ ਦੇ ਜੁਝਾਰੂ ਅਤੇ ਅਣਖੀਲੇ ਅਧਿਆਪਕ ਆਪਣੀ ਏਕਤਾ ਤੇ ਸੰਘਰਸ਼ ਦੇ ਬਲਬੂਤੇ ਕੈਪਟਨ ਸਰਕਾਰ ਦੀਆਂ ਅਧਿਆਪਕ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਨੂੰ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਣਗੇ ਅਤੇ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਦਾ ਫੈਸਲਾ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ. ਐੱਸ. ਏ. ਰਮਸਾ ਸਕੂਲਾਂ ਦੇ ਅਧਿਆਪਕ ਅਤੇ ਆਦਰਸ਼ ਮਾਡਲ ਸਕੂਲਾਂ ਦੇ ਆਗੂਆਂ ਅਮਰ ਸਿੰਘ, ਸੋਮਨਜੀਤ ਕੌਰ ਅਤੇ ਗੌਤਮ ਖੁਰਾਣਾ ਨੇ ਕੀਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਹਜ਼ਾਰਾਂ ਅਧਿਆਪਕਾਂ ਦੀ ਰੋਜ਼ੀ-ਰੋਟੀ ਅਤੇ ਉਨ੍ਹਾਂ ਦੇ ਮਾਪਿਆਂ ਦੀ ਡੰਗੋਰੀ ਖੋਹਣ ਵਾਲੀ ਕਾਂਗਰਸ ਸਰਕਾਰ ਖਿਲਾਫ ਆਰਪਾਰ ਦਾ ਸੰਘਰਸ਼ ਲੜਿਆ ਜਾਵੇਗਾ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਕੁਲਵਿੰਦਰ ਸਿੰਘ ਮਲੋਟ, ਪਰਗਟ ਸਿੰਘ ਜੰਬਰ, ਸੁਭਾਸ਼ ਸ਼ਾਸ਼ਤਰੀ, ਸੁਦਰਸ਼ਨ ਜੱਗਾ ਅਤੇ ਲਖਵੀਰ ਸਿੰਘ ਹਰੀਕੇ ਨੇ ਆਖਿਆ ਕਿ ਸਭਨਾਂ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਗਰੇਡ ਅਤੇ ਰੈਗੂਲਰ ਕਰਵਾਉਣਾ ਅਧਿਆਪਕ ਵਰਗ ਦੇ ਸਵੈ ਮਾਣ ਦੀ ਲੜਾਈ ਹੈ, ਜਿਸ ਨੂੰ ਜਿੱਤ ਤੱਕ ਪਹੁੰਚਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਕਾਂਗਰਸੀ ਵਿਧਾਇਕ ਦੀ ਕੋਠੀ ਸਾਹਵੇਂ ਆਈਆਂ ਛੋਟੀਆਂ ਬੱਚੀਆਂ ਨੇ ਤੋਤਲੀ ਆਵਾਜ਼ 'ਚ ਦੱਸਿਆ ਕਿ ਉਹ ਆਪਣੀਆਂ ਮਾਵਾਂ ਲਈ ਪੂਰੀ ਤਨਖਾਹ ਲਈ ਧਰਨੇ 'ਚ ਆਈਆਂ ਹਨ। ਵਿਧਾਇਕ ਦੀ ਕੋਠੀ ਸਾਹਮਣੇ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਚੱਲਦਾ ਕਰਨ ਦੀ ਮੰਗ ਕੀਤੀ। ਇਸ ਵਿਸ਼ਾਲ ਰੋਸ ਧਰਨੇ 'ਚ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੇ ਆਗੂ ਹਰਜੀਤ ਸਿੰਘ, ਰਣਜੀਤ ਭਲਾਈਆਣਾ, ਹਰਪ੍ਰੀਤ ਹੈਰੀ, ਚਰਨਦਾਸ ਸ਼ਰਮਾ, ਮਨੋਹਰ ਲਾਲ ਸ਼ਰਮਾ, ਪਵਨ ਕੁਮਾਰ, ਵਰਿੰਦਰ ਬਹਿਲ, ਸੰਦੀਪ ਸਿੰਘ, ਕੁਲਦੀਪ ਖੁੱਡੀਆਂ, ਮਨੋਜ ਕੁਮਾਰ, ਸੰਦੀਪ ਸਿੰਘ, ਜਗਦੀਪ ਬਿੱਟੂ, ਅਨੀਤਾ, ਜਯੋਤੀ, ਜਤਿਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਅਧਿਆਪਕ ਸ਼ਾਮਲ ਸਨ।


Related News