ਨਹਿਰੀ ਵਿਭਾਗ ਤੋਂ ਪੁਲਾਂ ਹੇਠੋਂ ਸਫ਼ਾਈ ਕਰਵਾਉਣ ਦੀ ਕਿਸਾਨਾਂ ਨੇ ਕੀਤੀ ਮੰਗ

04/21/2018 9:55:14 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਸ੍ਰੀ ਮੁਕਤਸਰ ਸਾਹਿਬ ਰਜਬਾਹਾ, ਜੋ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦਿੰਦਾ ਹੈ, ਦੀ ਸਫ਼ਾਈ ਕਰਵਾਉਣ ਲਈ ਅਨੇਕਾਂ ਪਿੰਡਾਂ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ। 
ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਡੇਢ-ਦੋ ਮਹੀਨੇ ਪਹਿਲਾਂ ਹੀ ਉਕਤ ਰਜਬਾਹੇ ਦੀ ਸਫਾਈ ਕਰਵਾਈ ਗਈ ਸੀ ਪਰ ਹੁਣ ਜਦੋਂ ਰਜਬਾਹਾ ਬੰਦ ਹੈ ਤਾਂ ਪਤਾ ਲੱਗਾ ਕਿ ਰਜਬਾਹੇ ਦੇ ਪੁਲਾਂ ਹੇਠੋਂ ਸਫ਼ਾਈ ਕਰਵਾਉਣ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਜਿੰਨਾ ਕੁਝ ਪੁਲਾਂ ਦੇ ਹੇਠਾਂ ਫਸਿਆ ਪਿਆ ਹੈ, ਉਸ ਤੋਂ ਤਾਂ ਇੰਝ ਜਾਪ ਰਿਹਾ ਹੈ ਕਿ ਪਾਣੀ ਇਥੋਂ ਲੰਘਣਾ ਹੀ ਨਹੀਂ। ਪਿੰਡ ਬੱਲਮਗੜ੍ਹ, ਮੌੜ, ਕੋਟਲੀ, ਬੂੜਾ ਗੁੱਜਰ, ਰਾਮਗੜ੍ਹਚੂੰਘਾਂ, ਕੌੜਿਆਂਵਾਲੀ, ਮਦਰੱਸਾ, ਭਾਗਸਰ ਤੇ ਰਹੂੜਿਆਂਵਾਲੀ ਆਦਿ ਦੇ ਕਿਸਾਨਾਂ ਨੇ ਕਿਹਾ ਹੈ ਕਿ 22 ਅਪ੍ਰੈਲ ਤੋਂ ਨਹਿਰਾਂ ਵਿਚ ਪਾਣੀ ਛੱਡਿਆ ਜਾਣਾ ਹੈ। ਇਸ ਲਈ ਕਿਸਾਨਾਂ ਦੀ ਮੰਗ ਹੈ ਕਿ ਉਸ ਤੋਂ ਪਹਿਲਾਂ-ਪਹਿਲਾਂ ਸਬੰਧਿਤ ਵਿਭਾਗ ਉਕਤ ਰਜਬਾਹੇ 'ਤੇ ਪੈਂਦੇ ਸਾਰੇ ਪੁਲਾਂ ਦੇ ਹੇਠੋਂ ਸਫਾਈ ਕਰਵਾਏ। ਕਿਸਾਨ ਮੋਹਣਾ ਸਿੰਘ ਨੇ ਦੱਸਿਆ ਕਿ ਜ਼ਿਆਦਾ ਪਿੰਡ ਟੇਲਾਂ 'ਤੇ ਪੈਂਦੇ ਹਨ ਅਤੇ ਨਹਿਰੀ ਪਾਣੀ ਦੀ ਪਹਿਲਾਂ ਹੀ ਬਹੁਤ ਵੱਡੀ ਘਾਟ ਹੈ, ਉਤੋਂ ਹੁਣ ਕਿਸਾਨਾਂ ਨੇ ਨਰਮਾ ਬੀਜਣਾ ਹੈ ਇਸ ਲਈ ਪਾਣੀ ਦੀ ਹੋਰ ਲੋੜ ਹੈ।


Related News