ਡਰੱਗ ਟੈਸਟ ਪਾਜ਼ੇਟਿਵ ਆਉਣ ’ਤੇ 2 ਖ਼ਿਲਾਫ ਮੁਕੱਦਮਾ
Monday, Sep 14, 2026 - 06:11 PM (IST)
ਫਰੀਦਕੋਟ (ਰਾਜਨ) : ਥਾਣਾ ਸਦਰ ਫਰੀਦਕੋਟ ਦੀ ਚੌਕੀ ਗੋਲੇਵਾਲਾ ਪੁਲਸ ਨੇ 2 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦੋਵਾਂ ਦੇ ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਅਮਲ ਵਿਚ ਲਿਆਂਦੀ। ਪੁਲਸ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਇੰਚਾਰਜ ਚੌਕੀ ਗੋਲੇਵਾਲਾ, ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਰਾਜੋਵਾਲਾ ਨੇੜੇ ਪਿੱਪਲੀ ਰੋਡ ਪੁਲ ਕੱਸੀ ’ਤੇ ਮੌਜੂਦ ਸਨ। ਇਸ ਦੌਰਾਨ ਪਿੱਪਲੀ ਵੱਲੋਂ 2 ਨੌਜਵਾਨ ਝੂਲਦੇ ਹੋਏ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਦੇ ਨਸ਼ਾ ਕੀਤਾ ਹੋਣ ਦਾ ਸ਼ੱਕ ਹੋਇਆ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਕੇ ਪਿੱਛੇ ਮੁੜਨ ਲੱਗੇ, ਜਿਸ ’ਤੇ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਪੁਲਸ ਵੱਲੋਂ ਦੋਵਾਂ ਦੇ ਸਿਵਲ ਹਸਪਤਾਲ ਫਰੀਦਕੋਟ ਤੋਂ ਡਰੱਗ ਟੈਸਟ ਕਰਵਾਏ ਗਏ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਮੁਲਜ਼ਮਾਂ ਦੀ ਪਛਾਣ ਕੋਸਲ ਸਿੰਘ ਅਤੇ ਰੋਹਿਤ ਵਾਸੀਆਨ ਪਿੰਡ ਅਰਾਈਆਂ ਵਾਲਾ ਕਲਾਂ, ਜ਼ਿਲਾ ਫਰੀਦਕੋਟ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
