ਮੁੰਡੇ-ਕੁੜੀ ਦੇ ਝਗੜੇ ਦਾ ਰਾਜੀਨਾਮਾ ਕਰਵਾਉਣ ’ਤੇ ਸਰੰਪਚ ਦੇ ਪਤੀ ’ਤੇ ਲੱਗੇ 5 ਲੱਖ ਲੈਣ ਦੇ ਦੋਸ਼

Sunday, Jun 21, 2020 - 06:10 PM (IST)

ਮੁੰਡੇ-ਕੁੜੀ ਦੇ ਝਗੜੇ ਦਾ ਰਾਜੀਨਾਮਾ ਕਰਵਾਉਣ ’ਤੇ ਸਰੰਪਚ ਦੇ ਪਤੀ ’ਤੇ ਲੱਗੇ 5 ਲੱਖ ਲੈਣ ਦੇ ਦੋਸ਼

ਤਲਵੰਡੀ ਸਾਬੋ ( ਗਰਗ) - ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੰਬਰ ਬਸਤੀ ਦੀ ਮਹਿਲਾ ਸਰਪੰਚ ਦੇ ਪਤੀ ’ਤੇ ਇੱਕ ਮੁੰਡੇ-ਕੁੜੀ ਦੇ ਝਗੜੇ ਦਾ ਰਾਜੀਨਾਮਾ ਕਰਵਾਉਣ ਦੇ ਨਾਂ ’ਤੇ ਕਰੀਬ 5 ਲੱਖ ਰੁਪਏ ਲੈਣ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਪੁਲਸ ਮੁਤਾਬਕ ਪਿੰਡ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸਦੇ ਮੁੰਡੇ ਦੀ ਪਿੰਡ ਜੰਬਰ ਬਸਤੀ ਦੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਸੀ, ਜਿਸਦਾ ਪਤਾ ਜੰਬਰ ਬਸਤੀ ਦੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ ਜੱਗਾ ਨੂੰ ਲੱਗ ਗਿਆ। ਉਸਨੇ ਕੁੜੀ, ਜੋ ਨਾਬਾਲਗ ਹੈ, ਨੂੰ ਗੁੰਮਰਾਹ ਕਰਕੇ ਮੇਰੇ ਬੇਟੇ ਖਿਲਾਫ ਪੁਲਸ ਕੋਲ ਸ਼ਿਕਾਇਤ ਕਰਵਾ ਦਿੱਤੀ ਅਤੇ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਰਾਜੀਨਾਮਾ ਕਰਵਾਉਣ ਦੇ ਨਾਂ ’ਤੇ ਸਾਡੇ ਕੋਲੋਂ ਪੰਜ ਲੱਖ ਰੁਪਿਆ ਮੰਗਿਆ। ਪੈਸੇ ਨਾ ਦੇਣ ’ਤੇ ਉਸ ਨੇ ਡਰਾਇਆ ਕਿ ਤੁਹਾਡਾ ਮੁੰਡਾ ਸਾਰੀ ਉਮਰ ਜੇਲ੍ਹ ਵਿੱਚ ਸੜਦਾ ਰਹੇਗਾ। 

ਉਸ ਸਮੇਂ ਅਸੀਂ ਜੱਗਾ ਸਿੰਘ ਨੂੰ 2 ਲੱਖ 90 ਹਜ਼ਾਰ ਰੁਪਏ ਦਿੱਤੇ, ਜਿਸ ਤੇ ਉਸਨੇ ਲੜਕੀ ਦੇ ਦਸਤਖਤ ਕਰਵਾ ਕੇ ਪੰਚਾਇਤੀ ਲੈਟਰਪੈਡ ’ਤੇ ਰਾਜੀਨਾਮਾ ਲਿਖ ਦਿੱਤਾ। ਰਾਜੀਨਾਮੇ ਉਪਰੰਤ ਜੱਗਾ ਸਿੰਘ ਸਾਡੇ ’ਤੇ ਹੋਰ ਪੈਸੇ ਦੇਣ ਲਈ ਦਬਾਅ ਬਣਾਉਣ ਲੱਗਿਆ। ਸਾਡੇ ਵੱਲੋਂ ਇਨਕਾਰ ਕਰਨ ’ਤੇ ਉਸਨੇ ਉਕਤ ਕੁੜੀ ਨੂੰ ਫਿਰ ਤਲਵੰਡੀ ਸਾਬੋ ਹਸਪਤਾਲ ਦਾਖਿਲ ਕਰਵਾ ਕੇ ਸਾਨੂੰ ਡਰਾਇਆ ਕਿ ਤੁਹਾਡੇ ਮੁੰਡੇ ’ਤੇ ਬਲਾਤਕਾਰ ਦਾ ਪਰਚਾ ਹੋਵੇਗਾ ਅਤੇ ਇੱਕ ਵਾਰ ਫਿਰ ਉਸਨੇ ਰਾਜੀਨਾਮੇ ਦੇ ਨਾਂ ਤੇ ਸਾਥੋਂ 2 ਲੱਖ ਲੈ ਕੇ ਰਾਜੀਨਾਮਾ ਕਰਵਾ ਦਿੱਤਾ। ਤਲਵੰਡੀ ਸਾਬੋ ਪੁਲਸ ਨੇ ਪੀੜਤ ਦੇ ਬਿਆਨ ’ਤੇ ਮਹਿਲਾ ਸਰਪੰਚ ਦੇ ਪਤੀ ਖਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
 


author

rajwinder kaur

Content Editor

Related News