ਹੈਲਥ ਕਾਰਡ ਬਨਾਉਣ ਦਾ ਬਾਇਕਾਟ ਕਰਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ DC ਦਫਤਰ ਦਾ ਘਿਰਾਉ
Thursday, Feb 05, 2026 - 09:22 PM (IST)
ਮਾਨਸਾ (ਸੰਦੀਪ ਮਿੱਤਲ) - ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਮਾਨਸਾ ਵੱਲੋਂ ਡੀ.ਸੀ. ਦਫਤਰ ਮੁੱਖ ਮੰਤਰੀ ਸਿਹਤ ਬੀਮਾਂ ਯੋਜਨਾ ਤਹਿਤ ਹੈਲਥ ਕਾਰਡ ਬਨਾਉਣ ਲਈ ਲਾਈਆਂ ਗਈਆਂ ਡਾਟਾ ਐਂਟਰੀ ਦੀਆਂ ਡਿਊਟੀਜ਼ ਦਾ ਵਿਰੋਧ ਕਰਦੇ ਹੋਏ ਡੀ.ਸੀ. ਦਫਤਰ ਮਾਨਸਾ ਦਾ ਘਿਰਾਉ ਕੀਤਾ ਗਿਆ ਅਤੇ ਡੀ.ਸੀ. ਮਾਨਸਾ ਖਿਲਾਫ ਅਤੇ ਸਰਕਾਰ ਖ਼ਿਲਾਫ਼ ਡੀ.ਸੀ. ਦਫਤਰ ਮੂਹਰੇ ਪੱਕਾ ਧਰਨਾ ਲਾ ਕੇ ਨਾਅਰੇ ਬਾਜ਼ੀ ਕੀਤੀ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਅਜੀਬ ਫ਼ਰਮਾਨ ਜਾਰੀ ਕਰਕੇ ਸਕੂਲੀ ਸਿੱਖਿਆ ਨੂੰ ਦਾਅ 'ਤੇ ਲਗਾ ਦਿੱਤਾ ਹੈ। 8ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ, ਪਰ ਵਿਦਿਆਰਥੀਆਂ ਦੀ ਪੜ੍ਹਾਈ ਦੀ ਚਿੰਤਾ ਕਰਨ ਦੀ ਬਜਾਏ, ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ "ਮੁੱਖ ਮੰਤਰੀ ਸਿਹਤ ਬੀਮਾ ਯੋਜਨਾ" ਲਈ ਕਾਰਡ ਤਿਆਰ ਕਰਨ ਦੀ ਜ਼ਿੰਮੇਵਾਰੀ ਧੱਕੇ ਨਾਲ ਸੌਂਪ ਦਿੱਤੀ ਹੈ। ਕੰਪਿਊਟਰ ਅਧਿਆਪਕਾਂ ਨੇ ਡੀ.ਸੀ. ਅਤੇ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਹੈ।
ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ ਭੀਖੀ ਨੇ ਸੰਬੌਧਨ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਡਾਟਾ ਐਂਟਰੀ ਦਾ ਕੰਮ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕੰਪਿਊਟਰ ਅਧਿਆਪਕਾਂ ਦੀ ਯਾਦ ਆਉਂਦੀ ਹੈ, ਪਰ ਜਦੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਗੱਲ ਆਉਂਦੀ ਹੈ, ਜਿਨ੍ਹਾਂ ਲਈ ਉਹ ਪਿਛਲੇ ਦੋ ਦਹਾਕਿਆਂ ਤੋਂ ਲੜ ਰਹੇ ਹਨ, ਤਾ ਮੁੱਖ ਮੰਤਰੀ, ਮੰਤਰੀ, ਪ੍ਰਸ਼ਾਸਨ ਅਧਿਆਕਾਰੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਯੂਨੀਅਨ ਵੱਲੋਂ ਸਰਕਾਰ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਕੱਲ੍ਹ ਦਿਨ ਸ਼ੁਕਰਵਾਰ ਤੱਕ ਅਧਿਆਪਕਾਂ ਦੀਆਂ ਉਕਤ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਸ਼ਨੀਵਾਰ ਨੂੰ ਐਮ.ਐਲ.ਏ. ਮਾਨਸਾ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਇਸ ਧਰਨੇ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਜਗਰਾਜ ਸਿੰਘ, ਲਖਵੀਰ ਸਿੰਘ, ਨਿਤੇਸ਼ ਕੁਮਾਰ, ਰਣਜੀਤ ਸਿੰਘ, ਕਰਮਜੀਤ ਸਿੰਘ, ਰਾਜਦੀਪ ਸਿੰਘ, ਸਸ਼ੀ ਕਾਠ, ਜਸਪ੍ਰੀਤ ਸਿੰਘ, ਗੁਰਸ਼ਰਨ ਕੌਰ, ਮਮਤਾ ਰਾਣੀ ਬੁਢਲਾਡਾ, ਨੀਤੂ ਸ਼ਰਮਾ, ਅਰੁਣਾ ਜੈਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸਾਥੀ, ਅਤੇ ਭਰਾਤਰੀ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਤੋਂ ਅਮੋਲਕ ਡੇਲੂਆਣਾ, ਹੰਸਾ ਸਿੰਘ, ਕਰਮਜੀਤ ਤਾਮਕੋਟ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।
