ਬਲੈਕਮੇਲਿੰਗ ਗਿਰੋਹ ਵਿਦੇਸ਼ਾਂ ’ਚ ਵੱਡੇ ਡਾਕਟਰਾਂ ਨੂੰ ਬਣਾ ਰਹੇ ਨਿਸ਼ਾਨਾ, ਵਿਦੇਸ਼ੀ ਮੀਡੀਆ ਵੀ ਕਾਲੇ ਧੰਦੇ ’ਚ ਸ਼ਾਮਲ
Friday, Jun 24, 2022 - 12:40 PM (IST)

ਬਠਿੰਡਾ (ਵਰਮਾ) : ਵਿਦੇਸ਼ਾਂ ’ਚ ਬਲੈਕਮੇਲ ਕਰਨ ਵਾਲਾ ਗਿਰੋਹ ਸਰਗਰਮ ਹੈ ਜੋ ਸਿਰਫ਼ ਭਾਰਤੀ ਡਾਕਟਰਾਂ ਅਤੇ ਸਰਜਨਾਂ ਨੂੰ ਹੀ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇੰਨਾ ਹੀ ਨਹੀਂ ਇਸ ਗਿਰੋਹ ਨੂੰ ਵਿਦੇਸ਼ੀ ਮੀਡੀਆ ਦਾ ਵੀ ਸਮਰਥਨ ਹਾਸਲ ਹੈ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਭਾਰਤੀ ਮੂਲ ਦੇ ਟਾਪ ਆਈ ਸਰਜਨ ਡਾਕਟਰ ਪ੍ਰਸ਼ਾਂਤ ਜਿੰਦਲ ਵੀ ਇਸ ਦਾ ਸ਼ਿਕਾਰ ਹੋ ਗਏ। ਡਾ. ਜਿੰਦਲ ਲੰਬੇ ਸਮੇਂ ਤੋਂ ਇੰਗਲੈਂਡ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਫੋਨ ’ਤੇ ਦੱਸਿਆ ਕਿ ਵਿਦੇਸ਼ੀ ਮੀਡੀਆ ਵੀ ਇਸ ਗਿਰੋਹ ਦੀ ਅਗਵਾਈ ਕਰ ਰਿਹਾ ਹੈ। ਇਸ ਗਿਰੋਹ ਅਤੇ ਵਿਦੇਸ਼ੀ ਮੀਡੀਆ ਦਾ ਇਕ ਹੀ ਇਰਾਦਾ ਨਸਲਵਾਦ ਹੈ। ਡਾਕਟਰ ਪ੍ਰਸ਼ਾਂਤ ਦਾ ਨਾਂ ਦੁਨੀਆ ਦੇ ਉਨ੍ਹਾਂ ਪਹਿਲੇ ਚਾਰ ਡਾਕਟਰਾਂ ’ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੇ ਕਿੱਤੇ ਨੂੰ ਸਮਰਪਿਤ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਗਿਰੋਹ ਪਹਿਲਾਂ ਝੂਠੀਆਂ ਸ਼ਿਕਾਇਤਾਂ ਅਤੇ ਧੋਖਾਦੇਹੀ ਕਰ ਕੇ ਪੁਲਸ ਕੋਲ ਕੇਸ ਦਰਜ ਕਰਦਾ ਹੈ ਅਤੇ ਬਾਅਦ ਵਿਚ ਬਲੈਕਮੇਲਿੰਗ ਕਰਦਾ ਹੈ। ਇਸ ਗਿਰੋਹ ਦੇ ਵਿਦੇਸ਼ੀ ਮੀਡੀਆ ਨਾਲ ਸਬੰਧ ਹਨ। ਇਸ ਦਾ ਸਬੂਤ ਸਟਿੰਗ ਆਪਰੇਸ਼ਨ ਦੌਰਾਨ ਵਿਦੇਸ਼ੀ ਮੀਡੀਆ ਦੇ ਇਕ ਪ੍ਰਤੀਨਿਧੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਦਾਲਤ ’ਚ ਚੱਲ ਰਹੀ ਕਾਰਵਾਈ ਦੌਰਾਨ ਡਾਕਟਰ ’ਤੇ ਝੂਠੇ ਦੋਸ਼ ਲਾਏ ਗਏ ਜੋ ਕਿ ਸਾਬਤ ਵੀ ਨਹੀਂ ਹੋਏ।
ਸੁਣਵਾਈ ਦੌਰਾਨ ਸਾਰੀ ਕਾਰਵਾਈ ਰਿਕਾਰਡ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ। ਅਦਾਲਤ ਵਿਚ ਮੁਆਵਜ਼ੇ ਦਾ ਝੂਠਾ ਦਾਅਵਾ ਵੀ ਕੀਤਾ ਗਿਆ, ਇੱਥੋਂ ਤਕ ਕਿ ਵਕੀਲਾਂ ਨੇ ਪੈਸੇ ਦੇ ਕੇ ਮਾਮਲਾ ਨਿਪਟਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਡਾਕਟਰ ਜਿੰਦਲ ਨੇ ਠੁਕਰਾ ਦਿੱਤਾ। ਜਿਨ੍ਹਾਂ ਅੱਖਾਂ ਲਈ ਦੋ ਮਰੀਜ਼ਾਂ ਨੇ ਮੁਕੱਦਮਾ ਦਰਜ ਕਰਵਾਇਆ ਸੀ, ਉਨ੍ਹਾਂ ਬਾਰੇ ਡਾ. ਜਿੰਦਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਆਪਰੇਸ਼ਨ ਦੌਰਾਨ ਮੌਜੂਦ ਨਹੀਂ ਸਨ ਸਗੋਂ ਦੇਸ਼ ਤੋਂ ਬਾਹਰ ਸਨ। ਮੈਟਰੋਪੋਲੀਟਨ ਪੁਲਸ ਨੇ ਇਸ ਮਾਮਲੇ ਵਿਚ ਚੋਟੀ ਦੇ ਸੂਹੀਆਂ ਦੀ ਮਦਦ ਵੀ ਲਈ ਹੈ।
ਲੰਡਨ ਦੀਆਂ ਸੜਕਾਂ ’ਤੇ ਸਰਜਰੀ ਤੋਂ ਬਾਅਦ ਹੱਸਦੇ ਹੋਏ ਮਰੀਜ਼ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਜਰੀ ਤਾਂ ਠੀਕ ਸੀ ਪਰ ਝੂਠਾ ਕੇਸ ਦਰਜ ਕੀਤਾ ਗਿਆ। ਪੁਲਸ ਨੇ 8 ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕੇਸ ਤਾਂ ਖਾਰਜ ਕਰ ਦਿੱਤਾ ਪਰ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਦੋਂਕਿ ਡਾਕਟਰ ਜਿੰਦਲ ਦੇ ਵਕੀਲਾਂ ਨੇ ਸਾਰੇ ਸਬੂਤ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਇੰਗਲੈਂਡ ’ਚ ਭਾਰਤੀ ਮੂਲ ਦੇ ਸਿਰਫ 5 ਫੀਸਦੀ ਡਾਕਟਰ ਹਨ ਪਰ ਉਥੇ 50 ਫੀਸਦੀ ਕੇਸਾਂ ਲਈ ਉਹ ਜ਼ਿੰਮੇਵਾਰ ਹਨ। ਅਜਿਹੇ ’ਚ ਲੜਨ ਦੀ ਬਜਾਏ ਕਈ ਡਾਕਟਰ ਆਪਣੀ ਰਜਿਸਟ੍ਰੇਸ਼ਨ ਰੱਦ ਕਰਵਾ ਕੇ ਦੇਸ਼ ਚਲੇ ਜਾਂਦੇ ਹਨ।