ਕਾਲਾਝਾੜ ਟੋਲ ਪਲਾਜ਼ਾ ਕਰਮਚਾਰੀਆਂ ਨੇ ਅਣਮਿਥੇ ਸਮੇਂ ਲਈ ਰੋਸ ਧਰਨਾ ਕੀਤਾ ਸ਼ੁਰੂ

08/20/2019 1:46:19 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵੇ 7 ਉਪਰ ਸਥਿਤ ਟੋਲ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਵੱਲੋਂ ਅੱਜ ਅਣਮਿਥੇ ਸਮੇਂ ਲਈ ਧਰਨਾ ਲਗਾਉਂਦਿਆਂ ਟੋਲ ਪਲਾਜ਼ਾ ਮੈਨੇਜਮੈਂਟ ਅਤੇ ਪ੍ਰਸਾਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਲਾਡੀ ਸੂਬਾ ਮੀਤ ਪ੍ਰਧਾਨ ਟੋਲ ਪਲਾਜ਼ਾ ਵਰਕਰ ਯੂਨੀਅਨ, ਦਵਿੰਦਰਪਾਲ ਸਿੰਘ, ਮਨਜੀਤ ਸਿੰਘ ਆਦਿ ਨੇ ਦੱÎਸਿਆ ਕਿ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੈਨੇਜਮੈਂਟ ਵੱਲੋਂ ਕਥਿਤ ਤੌਰ 'ਤੇ ਜਾਅਲੀ ਕਰੰਸੀ ਚਲਾਉਣ ਲਈ ਮਜ਼ਬੂਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਪੁਲਸ ਪ੍ਰਸਾਸ਼ਨ ਨੂੰ 29-30 ਜੁਲਾਈ ਨੂੰ ਮੈਨੇਜਮੈਂਟ ਵੱਲੋਂ ਦਿੱਤੀ ਗਈ ਜਾਅਲੀ ਕਰੰਸੀ ਵਾਲੇ ਨੋਟ ਅਤੇ ਸਿੱਕੇ ਦੇਣ ਦੇ ਨਾਲ-ਨਾਲ ਸਾਰੇ ਸਾਬੂਤ ਜਿਸ ਵਿਚ ਸੀ.ਸੀ.ਟੀ.ਵੀ ਦੀਆਂ ਫੁਟੇਜ ਅਤੇ ਹੋਰ ਵੀਡੀਓ ਵਗੈਰਾ ਵੀ ਸ਼ਾਮਲ ਸਨ ਦਿੱਤੇ ਸੀ ਪਰ ਪੁਲਸ ਵੱਲੋਂ ਅੱਜ ਤੱਕ ਮੈਨੇਜਮੈਂਟ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕੋਈ ਕਰਵਾਈ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਟੋਲ ਪਲਾਜ਼ਾ ਨੇ ਮਾਮਲੇ ਨੂੰ ਠੰਡਾ ਕਰਨ ਅਤੇ ਇਨ੍ਹਾਂ ਅਧਿਕਾਰੀਆਂ ਦਾ ਬਚਾਅ ਕਰਨ ਲਈ ਇਨ੍ਹਾਂ ਦਾ ਇਥੋਂ ਹੋਰ ਜਗ੍ਹਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਨੇ ਇਥੇ ਜਾਅਲੀ ਕਰੰਸੀ ਚਲਾਉਣ ਵਾਲੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਭਜਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਾਂ। ਪੁਲਸ ਵੱਲੋਂ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਜਾਂਚ ਕੀਤੇ ਜਾਣ ਦੇ ਬਹਾਨੇ ਲਗਾ ਕੇ ਉਨ੍ਹਾਂ ਹਰ ਵਾਰ ਟਾਲ-ਮਟੋਲ ਕਰਕੇ ਵਾਪਸ ਮੋੜ ਦਿੱਤਾ ਜਾਂਦਾ ਹੈ।

ਕਰਮਚਾਰੀਆਂ ਨੇ ਇਹ ਵੀ ਦੋਸ਼ ਲਗਾਏ ਕਿ ਮੈਨੇਜਮੈਂਟ ਵੱਲੋਂ ਕਥਿਤ ਤੌਰ 'ਤੇ ਇਥੇ ਲੇਬਰ ਕਾਨੂੰਨਾਂ ਦੀਆਂ ਖੁੱਲੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਵਰਕਰਾਂ ਨੂੰ ਬੂਥਾਂ ਵਿਚ ਕਥਿਤ ਤੌਰ 'ਤੇ ਬਾਹਰੋਂ ਜਿੰਦੇ ਲਗਾ ਕੇ 8 ਘੰਟੇ ਲਗਾਤਾਰ ਡਿਊਟੀ ਕਰਵਾਈ ਜਾਂਦੀ ਹੈ ਅਤੇ ਫਿਰ ਵਰਕਰਾਂ ਨੂੰ 8 ਘੰਟੇ ਦੀ ਪੂਰੀ ਤਨਖਾਹ ਤੱਕ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਮਾੜੇ ਰਵੱਈਏ ਵਿਰੁੱਧ ਅਵਾਜ਼ ਬਲੁੰਦ ਕਰਨ 'ਤੇ ਮੈਨੇਜਮੈਂਟ ਨੇ ਚਾਰ ਸੁਪਰਵਾਇਜ਼ਰਾਂ ਦੀ ਡਿਮੋਸ਼ਨ ਕਰ ਦਿੱਤੀ ਹੈ, ਜਿਸ ਦੇ ਰੋਸ ਵੱਜੋਂ ਵਰਕਰਾਂ ਨੇ ਇਹ ਅਣਮਿਥੇ ਸਮੇਂ ਦਾ ਰੋਸ ਧਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਜਾਅਲੀ ਕਰੰਸੀ ਚਲਾਉਣ ਲਈ ਮਜਬੂਰ ਕਰਨ ਵਾਲੇ ਮੈਨੇਜਮੈਂਟ ਦੇ ਅਧਿਕਾਰੀਆਂ ਵਿਰੁੱਧ ਤੁਰੰਤ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਲਵੀਰ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸਤਾਰ ਖਾਨ ਸਮੇਤ ਕਈ ਹੋਰ ਵਰਕਰ ਵੀ ਮੌਜੂਦ ਸਨ।


cherry

Content Editor

Related News