ਭਵਾਨੀਗੜ੍ਹ: ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ

10/16/2019 12:37:43 PM

ਭਵਾਨੀਗੜ੍ਹ (ਵਿਕਾਸ, ਸੰਜੀਵ)—ਅੱਜ ਸਵੇਰੇ ਬਾਲਦ ਕੋਠੀ ਨੇੜੇ ਨਾਭਾ ਫਲਾਈਓਵਰ 'ਤੇ ਉਸ ਸਮੇਂ ਭੱਜਦੌੜ ਮੱਚ ਗਈ ਜਦੋਂ ਨੈਸ਼ਨਲ ਹਾਈਵੇ 'ਤੇ ਜਾਂਦੇ ਇੱਕ ਟਰੱਕ ਟਰਾਲੇ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ 'ਚ ਭਾਵੇਂ ਟਰੱਕ ਚਾਲਕ ਤੇ ਉਸਦੇ ਸਾਥੀ ਦਾ ਬਚਾਅ ਹੋ ਗਿਆ ਪਰ ਟਰੱਕ ਅੱਗ ਨਾਲ ਬੁਰੀ ਤਰ੍ਹਾਂ ਨਾਲ ਸੜ ਗਿਆ।
ਜਾਣਕਾਰੀ ਮੁਤਾਬਕ ਲਾਲੜੂ ਤੋਂ ਭਰਨ ਲਈ ਮੰਡੀ ਡੱਬਵਾਲੀ ਨੂੰ ਜਾ ਰਿਹਾ ਨਾਹਰ ਟਰਾਂਸਪੋਰਟ ਕੰਪਨੀ ਦਾ ਟਰੱਕ ਬੁੱਧਵਾਰ ਸਵੇਰੇ ਨਾਭਾ-ਸਮਾਣਾ ਕੈਂਚੀਆਂ ਨੇੜੇ ਪੁੱਲ 'ਤੇ ਪਹੁੰਚਿਆ ਤਾਂ ਉਸਦੇ ਮੁਹਰਲੇ ਕੈਬਿਨ ਨੂੰ ਅਚਾਨਕ ਅੱਗ ਲੱਗ ਗਈ, ਜਿਵੇਂ ਹੀ ਟਰੱਕ ਦੇ ਡਰਾਇਵਰ ਤੇ ਸਹਾਇਕ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਆਪਣੀ ਜਾਨ ਬਚਾਉਣ ਲਈ ਸਮਾਂ ਰਹਿੰਦੇ ਟਰੱਕ 'ਚੋਂ ਛਲਾਂਗ ਮਾਰ ਦਿੱਤੀ।

ਦੇਖਦੇ ਹੀ ਦੇਖਦਿਆਂ ਅੱਗ ਨੇ ਪੂਰੇ ਟਰੱਕ ਨੂੰ ਅਪਣੀ ਲਪੇਟ 'ਚ ਲੈ ਲਿਆ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਹਾਈਵੇ ਦੀ ਆਵਾਜਾਈ ਨੂੰ ਰੂਟ ਬਦਲ ਕੇ ਰਵਾਨਾ ਕੀਤਾ। ਟਰੱਕ ਦੇ ਚਾਲਕ ਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਟਰੱਕ ਖਾਲੀ ਸੀ ਤੇ ਉਹ ਮਾਲ ਭਰਨ ਲਈ ਡੱਬਵਾਲੀ ਜਾ ਰਹੇ ਸਨ। ਉਨ੍ਹਾਂ ਆਖਿਆ ਕਿ ਲਗਭਗ ਅੱਧੇ ਘੰਟੇ ਬਾਅਦ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਜੇਕਰ ਸਮੇਂ ਨਾਲ ਇੱਥੇ ਪਹੁੰਚ ਜਾਂਦੀ ਤਾਂ ਟਰੱਕ ਦੇ ਅਗਲੇ ਪਿਛਲੇ ਟਾਇਰ ਤੇ ਕੈਬਿਨ ਦੇ ਸੜਨ ਤੋਂ ਬਚਾਅ ਹੋ ਸਕਦਾ ਸੀ। ਚਾਲਕ ਨੇ ਕਿਹਾ ਕਿ ਟਰੱਕ ਪੂਰੀ ਤਰ੍ਹਾਂ ਐਟੋਮੈਟਿਕ ਤਕਨੀਕ ਨਾਲ ਲੈਸ ਹੋਣ ਦੇ ਬਾਵਜੂਦ ਅੱਗ ਦੀ ਇਹ ਘਟਨਾ ਅਚਾਨਕ ਸ਼ਾਟ ਸਰਕਟ ਹੋਣ ਕਾਰਨ ਵਾਪਰੀ ਗਈ। ਓਧਰ ਫਾਇਰ ਬ੍ਰਿਗੇਡ ਦੇ ਅਮਲੇ ਨੇ ਭਾਰੀ ਜਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ।


Shyna

Content Editor

Related News