ਭਾਖੜਾ ਨਹਿਰ ’ਚ ਰੁੜੇ ਨੌਜਵਾਨ ਦੀ ਲਾਸ਼ ਬਰਾਮਦ
Monday, May 27, 2024 - 03:44 PM (IST)
ਸਮਾਣਾ (ਦਰਦ) : ਭਾਖੜਾ ਨਹਿਰ ’ਚ ਹੱਥ ਧੋਣ ਸਮੇਂ ਫਿਸਲ ਕੇ ਰੁੜੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ ਹੋਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ। ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੀਰਪਾਲ (34) ਦੇ ਭਰਾ ਡਿੰਪਲ ਨਿਵਾਸੀ ਪਿੰਡ ਡਕਾਲਾ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ 21 ਮਈ ਦੀ ਸ਼ਾਮ ਵੀਰਪਾਲ ਆਪਣੀ ਭੂਆ ਦੇ ਪੁੱਤਰ ਮਲਕੀਤ ਸਿੰਘ ਨਾਲ ਬਾਈਕ ’ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਉਸ ਦੇ ਸਹੁਰੇ ਪਿੰਡ ਬਲਰਾਂ (ਸੰਗਰੂਰ) ਜਾ ਰਿਹਾ ਸੀ।
ਇਸ ਦੌਰਾਨ ਚੀਕਾ ਰੋਡ ਸਮਾਣਾ ’ਤੇ ਸਥਿਤ ਭਾਖੜਾ ਨਹਿਰ ਦੇ ਪੁੱਲ ’ਤੇ ਰੁੱਕ ਕੇ ਪਖਾਨੇ ਲਈ ਪਟੜੀ ਨੇੜੇ ਖੇਤ ’ਚ ਚਲਾ ਗਿਆ। ਵਾਪਸ ਆ ਕੇ ਹੱਥ ਧੋਣ ਲਈ ਭਾਖੜਾ ਨਹਿਰ ਕੰਢੇ ਹੇਠਾਂ ਉਤਰਿਆ ਤਾਂ ਪੈਰ ਫਿਸਲਣ ਕਾਰਨ ਨਹਿਰ ਵਿਚ ਡਿੱਗ ਗਿਆ ਤੇ ਪਾਣੀ ਦੇ ਤੇਜ਼ ਬਹਾਅ ’ਚ ਰੁੜ ਗਿਆ, ਅੱਜ ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ।