ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 74 ਹੋਰ ਨਵੇਂ ਮਾਮਲੇ ਆਏ ਸਾਹਮਣੇ, 4 ਦੀ ਹੋਈ ਮੌਤ

09/22/2020 9:11:11 PM

ਬਠਿੰਡਾ, (ਵਰਮਾ)- ਜ਼ਿਲ੍ਹਾ ਬਠਿੰਡਾ ’ਚ ਮੰਗਲਵਾਰ ਨੂੰ ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 74 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਹਿਲਾਂ ਹੀ ਬਹੁਤ ਸਾਰੀਆਂ ਬੀਮਾਰੀਆਂ ਨਾਲ ਗ੍ਰਸਤ ਸਨ ਅਤੇ ਕੋਰੋਨਾ ਦੀ ਮਾਰ ਤੋਂ ਬਾਅਦ ਉਹ ਠੀਕ ਨਹੀਂ ਹੋ ਸਕੇ। ਉਕਤ ਮੌਤਾਂ ਨਾਲ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 97 ਹੋ ਗਈ ਹੈ। ਅੱਜ ਮਰਨ ਵਾਲਿਆਂ ’ਚ (67) ਸਾਲਾ ਕਲਿਆਣ ਸੁੱਖਾ ਦੀ ਵਸਨੀਕ ਔਰਤ ਵੀ ਸ਼ਾਮਲ ਹੈ, ਜਿਸ ਨੂੰ ਦੋ ਦਿਨ ਪਹਿਲਾਂ ਖੰਘ ਅਤੇ ਸਾਹ ਲੈਣ ’ਚ ਮੁਸ਼ਕਲ ਕਾਰਨ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪਾਜ਼ੇਟਿਵ ਆਈ। ਹਾਲਤ ਨਾਜ਼ੁਕ ਹੋਣ ਤੋਂ ਬਾਅਦ ਰਾਤ ਨੂੰ ਫਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਦੂਜੀ ਮੌਤ ਪਿੰਡ ਕੋਠੇ ਗੁਰੂ ਦੇ ਬਠਿੰਡਾ ਦੀ ਇਕ (39) ਸਾਲਾ ਵਿਅਕਤੀ ਦੀ ਹੋਈ। ਕੁਝ ਦਿਨ ਪਹਿਲਾਂ ਕੋਰੋਨਾ ਦੀ ਪੁਸ਼ਟੀ ਹੋਣ ਕਾਰਨ ਉਸ ਨੂੰ ਨਿਵਾਰਨ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਸਵੇਰੇ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਕੋਰੋਨਾ ਕਾਰਨ ਤੀਜੀ ਮੌਤ ਬਸੰਤ ਵਿਹਾਰ ਕਾਲੋਨੀ ’ਚ ਹੋਈ। ਉਕਤ ਵਿਅਕਤੀ ਨੂੰ ਪ੍ਰੈਗਮਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜ਼ਿਲੇ ’ਚ ਚੌਥੀ ਮੌਤ ਪਿੰਡ ਬੱਲੋ ਰਾਮਪੁਰਾ ’ਚ ਇਕ (57) ਸਾਲਾ ਵਿਅਕਤੀ ਦੀ ਹੋਈ ਹੈ। ਸਾਹ ਅਤੇ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ, ਉਸਨੂੰ ਬਠਿੰਡਾ ਦੇ ਨਿਵਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਮੰਗਲਵਾਰ ਸਵੇਰੇ ਉਸਦੀ ਮੌਤ ਹੋ ਗਈ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਸਮਾਜ ਸੇਵਾ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਮੈਂਬਰ, ਜਨੇਸ਼ ਜੈਨ, ਰਾਕੇਸ਼ ਜਿੰਦਲ, ਸੋਨੂੰ ਮਹੇਸ਼ਵਰੀ, ਰੋਹਿਤ ਗਰਗ, ਜਸਕਰਨ ਰਾਇਲ, ਨਿਰਭੈ ਸਿੰਘ, ਮਾਣਿਕ ਗਰਗ, ਅਮਿਤ ਗਰਗ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ’ਚ ਕੀਤਾ ਗਿਆ।

ਜ਼ਿਲੇ ’ਚ ਕੋਰੋਨਾ ਸਥਿਤੀ ’ਚ ਸੁਧਾਰ : ਡੀ. ਸੀ.

ਬਠਿੰਡਾ ’ਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਪੇਚੀਦਾ ਹਾਲਾਤਾਂ ’ਚ ਜ਼ਿਲਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਕੁਝ ਸੁਧਾਰ ਸ਼ੁਰੂ ਹੋਇਆ ਹੈ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਜਦੋਂ ਪਿਛਲੇ ਹਫ਼ਤੇ ਟੈਸਟਾਂ ਦੀ ਗਿਣਤੀ ’ਚ 761 ਕੇਸਾਂ ਦਾ ਵਾਧਾ ਹੋਇਆ ਹੈ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੇਠਾਂ ਆ ਗਈ ਹੈ। ਨੈਗੇਟਿਵ ਸੈਂਪਲਾਂ ਦੀ ਗਿਣਤੀ ’ਚ ਵੀ 861 ਮਾਮਲਿਆਂ ਦਾ ਵਾਧਾ ਹੋਇਆ ਹੈ। ਇਹ ਰਾਹਤ ਦੀ ਗੱਲ ਹੈ ਕਿ ਮੌਤਾਂ ਦੀ ਦਰ 30 ਫੀਸਦੀ ਘੱਟ ਗਈ ਹੈ। ਕੋਵਿਡ-19 ਦੇ ਸਬੰਧ ’ਚ ਮਿਲ ਰਹੇ ਅੰਕੜੇ ਦੱਸਦੇ ਹਨ ਕਿ ਸਿਹਤ ਵਿਭਾਗ ਦੀਆਂ ਟੀਮਾਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਕਾਰਨ ਆਉਣ ਵਾਲੇ ਦਿਨਾਂ ’ਚ ਸਥਿਤੀ ’ਚ ਹੋਰ ਸੁਧਾਰ ਹੋ ਸਕਦਾ ਹੈ।


Bharat Thapa

Content Editor

Related News