ਲਾਲੀਪਾਪ ਵੰਡ ਕੇ ਕੀਤਾ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

02/10/2020 11:15:31 AM

ਬਠਿੰਡਾ (ਪਰਮਿੰਦਰ) : ਲਾਈਨੋਂਪਾਰ ਖੇਤਰ ਦੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਖਿਲਾਫ਼ ਲਾਲੀਪਾਪ ਵੰਡ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ 'ਤੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਕਮੇਟੀ ਪ੍ਰਧਾਨ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਸਰਕਾਰ ਹਰ ਮਾਮਲੇ 'ਚ ਲੋਕਾਂ ਨੂੰ ਲਾਲੀਪਾਪ ਵੰਡ ਰਹੀ ਹੈ, ਜਿਸ ਕਰ ਕੇ ਲੋਕਾਂ 'ਚ ਭਾਰੀ ਰੋਸ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਸਰਕਾਰ ਨੇ ਸਮਾਰਟ ਫੋਨ ਦੇਣ, ਬੇਰੋਜ਼ਗਾਰੀ ਭੱਤਾ ਦੇਣ, ਨੀਲੇ ਕਾਰਡਾਂ 'ਤੇ ਚਾਹ, ਘਿਓ ਦੇਣ, ਘਰ-ਘਰ ਨੌਕਰੀਆਂ ਦੇਣ, ਨਸ਼ੇ ਨੂੰ ਖਤਮ ਕਰਨ, ਪੈਨਸ਼ਨ ਤੇ ਸ਼ਗਨ ਸਕੀਮ ਦੀ ਰਕਮ ਵਧਾਉਣਾ, ਬਿਜਲੀ ਸਸਤੀ ਕਰਨ ਤੇ ਹੋਰ ਕਈ ਵਾਅਦੇ ਕੀਤੇ ਸੀ ਪਰ ਇਨ੍ਹਾਂ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਵੀ ਸਰਕਾਰ ਉਕਤ ਵਾਅਦਿਆਂ ਨੂੰ ਲੈ ਕੇ ਬਸ ਲਾਲੀਪਾਪ ਹੀ ਵੰਡ ਰਹੀ ਹੈ। ਵਿਕਾਸ ਦੇ ਸਾਰੇ ਕੰਮ ਰੁਕੇ ਹੋਏ ਹਨ ਤੇ ਸਰਕਾਰ ਖਜ਼ਾਨਾ ਖਾਲ੍ਹੀ ਹੋਣ ਦਾ ਰੋਣਾ ਰੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ 15 ਹਜ਼ਾਰ ਬੇਰੋਜ਼ਗਾਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ, ਜਿਸ ਨਾਲ ਪੰਜਾਬ ਦੀ ਬੇਰੋਜ਼ਗਾਰੀ ਦੀ ਇਕ ਗੰਭੀਰ ਤਸਵੀਰ ਸਾਹਮਣੇ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਆਪਣੇ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇ।


cherry

Content Editor

Related News