ਮਾਮਲਾ ਡੋਪ ਟੈਸਟ ਦੇ ਫਰਜ਼ੀਵਾੜੇ ਦਾ, ਡੋਪ ਫਾਈਲ ਪਾਸ ਕਰਵਾਉਣ ਆਇਆ ਮੁਲਜ਼ਮ ਨਾਮਜ਼ਦ

02/17/2020 12:44:38 PM

ਬਠਿੰਡਾ (ਪਰਮਿੰਦਰ) : ਸਿਵਲ ਹਸਪਤਾਲ 'ਚ ਕਥਿਤ ਤੌਰ 'ਤੇ ਡੋਪ ਟੈਸਟ ਪਾਸ ਕਰਵਾਉਣ ਦੇ ਚਲ ਰਹੇ ਫਰਜ਼ੀਵਾੜੇ ਦੀਆਂ ਪਰਤਾਂ ਜਲਦ ਖੁੱਲ੍ਹਣ ਦੀ ਸੰਭਾਵਨਾ ਹੈ। ਥਾਣਾ ਕੋਤਵਾਲੀ ਪੁਲਸ ਨੇ ਉਕਤ ਮਾਮਲੇ 'ਚ ਬੀਤੇ ਦਿਨੀਂ ਫਰਜ਼ੀ ਮੋਹਰਾਂ ਲਗਵਾ ਕੇ ਡੋਪ ਟੈਸਟ ਦੀ ਇਕ ਫਾਈਲ ਨੂੰ ਪਾਸ ਕਰਵਾਉਣ ਪਹੁੰਚੇ ਇਕ ਵਿਅਕਤੀ ਗੁਰਤੇਜ ਸਿੰਘ ਵਾਸੀ ਭਾਗੀਵਾਂਦਰ ਖਿਲਾਫ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਮੁਲਜ਼ਮ ਪੁਲਸ ਦੀ ਪਕੜ 'ਚ ਨਹੀਂ ਆ ਸਕਿਆ। ਉਕਤ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਕਈ ਖੁਲਾਸੇ ਹੋਣ ਦੇ ਆਸਾਰ ਹਨ।

ਜ਼ਿਕਰਯੋਗ ਹੈ ਕਿ ਉਕਤ ਮਾਮਲੇ 'ਚ ਐੱਸ. ਐੱਸ. ਪੀ. ਬਠਿੰਡਾ ਵੱਲੋਂ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂਕਿ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ। ਇਸ ਸਬੰਧ 'ਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਨੇ ਥਾਣਾ ਕੋਤਵਾਲੀ ਪੁਲਸ ਕੋਲ ਸ਼ਿਕਾਇਤ 'ਚ ਦੱਸਿਆ ਕਿ ਉਕਤ ਮੁਲਜ਼ਮ ਬੀਤੀ 14 ਫਰਵਰੀ ਨੂੰ ਉਨ੍ਹਾਂ ਕੋਲ ਡੋਪ ਟੈਸਟ ਸਬੰਧੀ ਫਾਈਲ ਪਾਸ ਕਰਵਾਉਣ ਲਈ ਆਇਆ ਸੀ। ਇਸ ਦੌਰਾਨ ਉਕਤ ਫਾਈਲ 'ਤੇ ਲਾਈਆਂ ਗਈਆਂ ਮੋਹਰਾਂ ਅਤੇ ਵੱਖ-ਵੱਖ ਅਧਿਕਾਰੀਆਂ ਤੋਂ ਕਰਵਾਏ ਗਏ ਦਸਤਖਤ ਜਾਅਲੀ ਹਨ। ਇਸ ਗੱਲ ਦਾ ਖੁਲਾਸਾ ਹੋਣ 'ਤੇ ਮੁਲਜ਼ਮ ਫਾਈਲ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ ਸੀ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਸਦੀ ਤਲਾਸ਼ ਕੀਤੀ ਜਾ ਰਹੀ ਹੈ।

ਕਈ ਲੋਕਾਂ 'ਤੇ ਡਿੱਗ ਸਕਦੀ ਹੈ ਗਾਜ
ਜ਼ਿਕਰਯੋਗ ਹੈ ਕਿ ਹਥਿਆਰਾਂ ਦੇ ਲਾਇਸੈਂਸ ਹਾਸਲ ਕਰਨ ਲਈ ਕੀਤੇ ਜਾਣ ਵਾਲੇ ਡੋਪ ਟੈਸਟ ਨੂੰ ਪਾਸ ਕਰਵਾਉਣ ਲਈ ਇਕ ਪੂਰਾ ਨੈਕਸਸ ਕੰਮ ਕਰ ਰਿਹਾ ਹੈ। ਉਕਤ ਲੋਕਾਂ ਵੱਲੋਂ ਸਬੰਧਤ ਲੋਕਾਂ ਦੇ ਸੈਂਪਲ ਦਿਵਾ ਕੇ ਨਾ ਸਿਰਫ ਉਨ੍ਹਾਂ ਨੂੰ ਪਾਸ ਕਰਵਾਇਆ ਜਾਂਦਾ ਹੈ, ਬਲਕਿ ਫਰਜ਼ੀ ਫਾਈਲਾਂ ਤਿਆਰ ਕਰਵਾ ਕੇ ਉਨ੍ਹਾਂ ਨੂੰ ਐੱਨ. ਓ. ਸੀ. ਤਕ ਜਾਰੀ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਹੋਣ 'ਤੇ ਸਿਵਲ ਹਸਪਤਾਲ 'ਚ ਹੜਕੰਪ ਦਾ ਮਾਹੌਲ ਹੈ। ਉਕਤ ਮਾਮਲੇ ਦਾ ਖੁਲਾਸਾ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਵੱਲੋਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਹੀ ਐੱਸ. ਐੱਸ. ਪੀ. ਬਠਿੰਡਾ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਕਤ ਜਾਂਚ ਨੂੰ ਲੈ ਕੇ ਸਿਵਲ ਹਸਪਤਾਲ 'ਚ ਤਾਇਨਾਤ ਕਈ ਮੁਲਜ਼ਮਾਂ ਦੇ ਹੱਥ-ਪੈਰ ਫੁੱਲ ਗਏ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਅੰਦਰੂਨੀ ਲੋਕਾਂ ਨਾਲ ਤਾਲਮੇਲ ਤੋਂ ਬਿਨਾਂ ਇੰਨਾ ਵੱਡਾ ਗੋਰਖਧੰਦਾ ਚਲਾਉਣਾ ਨਾਮੁਮਕਿਨ ਹੈ। ਅਜਿਹੇ 'ਚ ਮਾਮਲੇ ਦੀ ਜਾਂਚ ਹੋਣ 'ਤੇ ਕਈ ਲੋਕਾਂ 'ਤੇ ਇਸਦੀ ਗਾਜ ਡਿੱਗ ਸਕਦੀ ਹੈ।


cherry

Content Editor

Related News