ਸੂਰਿਆਕੁਮਾਰ ਨੇ ਜ਼ਿਆਦਾਤਰ ਫਿਟਨੈੱਸ ਟੈਸਟ ਕੀਤੇ ਪਾਸ, 7 ਜਾਂ 11 ਨੂੰ ਖੇਡ ਸਕਦੈ
Thursday, Apr 04, 2024 - 10:56 AM (IST)
ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕ੍ਰਮ ਨੂੰ ਜਲਦੀ ਹੀ ਹੁਲਾਰਾ ਮਿਲੇਗਾ ਕਿਉਂਕਿ ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਲਗਭਗ ਸਾਰੇ ਫਿਟਨੈੱਸ ਟੈਸਟ ਪਾਸ ਕਰ ਲਏ ਹਨ ਅਤੇ ਉਹ ਸੀਜ਼ਨ ਦਾ ਆਪਣਾ ਪਹਿਲਾ ਆਈ. ਪੀ. ਐੱਲ. ਮੈਚ ਖੇਡਣ ਦੇ ਨੇੜੇ ਹੈ। ਸੂਰਿਆਕੁਮਾਰ ਦੇ ਗਿੱਟੇ ਅਤੇ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਸੀ। ਉਸ ਨੇ ਆਖਰੀ ਵਾਰ ਦੱਖਣੀ ਅਫਰੀਕਾ ਵਿਚ ਟੀ-20 ਸੀਰੀਜ਼ ਵਿਚ ਮੁਕਾਬਲਾ ਖੇਡਿਆ ਸੀ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਸੂਤਰ ਨੇ ਦੱਸਿਆ,‘ਸੂਰਿਆ ਨੇ ਇਕ ਰੂਟੀਨ ਟੈਸਟ ਨੂੰ ਛੱਡ ਕੇ ਬਾਕੀ ਸਾਰੇ ਟੈਸਟ ਪਾਸ ਕਰ ਲਏ ਹਨ ਜੋ ਕਿ ਐੱਨ. ਸੀ. ਏ. ਤੋਂ ਆਰ. ਟੀ. ਪੀ. (ਖੇਡਣ ਲਈ ਵਾਪਸੀ) ਸਰਟੀਫਿਕੇਟ ਪ੍ਰਾਪਤ ਕਰਨਾ ਲਾਜ਼ਮੀ ਹੈ।’ ਵੀਰਵਾਰ ਨੂੰ ਇਕ ਹੋਰ ਟੈਸਟ ਹੋਣਾ ਅਜੇ ਬਾਕੀ ਹੈ ਜਿਸ ਤੋਂ ਬਾਅਦ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।
ਉਨ੍ਹਾਂ ਕਿਹਾ,‘ਉਹ ਆਰਾਮ ਨਾਲ ਬੱਲੇਬਾਜ਼ੀ ਕਰ ਰਿਹਾ ਹੈ।’ ਇਹ ਪੁੱਛੇ ਜਾਣ ’ਤੇ ਕਿ ਕੀ ਸੂਰਿਆਕੁਮਾਰ 7 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਮੁੰਬਈ ਇੰਡੀਅਨਜ਼ ਦੇ ਘਰੇਲੂ ਮੈਚ ’ਚ ਖੇਡ ਸਕਣਗੇ। ਸੂਤਰ ਨੇ ਕਿਹਾ,‘ਕੱਲ ਦੇ ਟੈਸਟਾਂ ਤੋਂ ਬਾਅਦ ਇਕ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ। ਅਗਲੇ ਮੈਚ ’ਚ ਅਜੇ 3 ਦਿਨ ਬਾਕੀ ਹਨ ਪਰ ਉਹ ਲੰਬੇ ਸਮੇਂ ਬਾਅਦ ਵਾਪਸੀ ਕਰ ਰਿਹਾ ਹੈ, ਇਸ ਲਈ 11 ਅਪ੍ਰੈਲ ਨੂੰ ਹੋਣ ਵਾਲੇ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਘਰੇਲੂ ਮੈਚ ਦੌਰਾਨ ਵੀ ਉਹ ਵਾਪਸੀ ਕਰ ਸਕਦਾ ਹੈ। ਉਹ ਮੁੰਬਈ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਇਕ ਰਿਹਾ ਹੈ ਅਤੇ ਇਸ ਸੀਜ਼ਨ ਵਿਚ ਆਪਣੇ ਪਹਿਲੇ 3 ਮੈਚ ਹਾਰ ਚੁੱਕੀ ਟੀਮ ਉਸ ਦੀ ਕਮੀ ਮਹਿਸੂਸ ਕਰ ਰਹੀ ਹੈ।