ਬਾਸਮਤੀ ਝੋਨੇ ਦੇ ਭਾਅ 'ਚ ਆਈ ਭਾਰੀ ਗਿਰਾਵਟ, ਕਿਸਾਨ ਨਿਰਾਸ਼

11/05/2019 2:10:55 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਕਿਸਾਨ ਵਰਗ 'ਤੇ ਹਮੇਸ਼ਾ ਕੋਈ ਨਾ ਕੋਈ ਮਾਰ ਪੈਂਦੀ ਹੀ ਰਹਿੰਦੀ ਹੈ ਚਾਹੇ ਉਹ ਕੁਦਰਤੀ ਆਫ਼ਤ ਹੋਵੇ ਜਾਂ ਸਰਕਾਰਾਂ ਦੀਆਂ ਖੇਤੀ ਧੰਦੇ ਪ੍ਰਤੀ ਮਾੜੀਆਂ ਨੀਤੀਆਂ। ਇਸ ਸਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਜਾਣਕਾਰੀ ਅਨੁਸਾਰ ਬਾਸਮਤੀ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਇਸ ਵਾਰ ਭਾਰੀ ਰਗੜਾ ਲੱਗਾ ਹੈ, ਜਿਸ ਕਾਰਨ ਬਾਸਮਤੀ ਝੋਨੇ ਦਾ ਝਾੜ ਪਿਛਲੇ ਸਾਲਾਂ ਨਾਲੋਂ ਅੱਧਾ ਰਹਿ ਗਿਆ ਅਤੇ ਇਸ ਦੇ ਭਾਅ 'ਚ ਭਾਰੀ ਗਿਰਾਵਟ ਕਰ ਦਿੱਤੀ ਗਈ। ਪਿਛਲੇ ਸਾਲ ਬਾਸਮਤੀ ਦਾ ਭਾਅ ਪ੍ਰਤੀ ਕੁਇੰਟਲ 3300 ਰੁਪਏ ਦੇ ਕਰੀਬ ਸੀ, ਜੋ ਹੁਣ ਮੰਡੀਆਂ 'ਚ 23-24 ਸੌ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਪਹਿਲਾਂ-ਪਹਿਲਾਂ ਜਦ ਬਾਸਮਤੀ ਵਿਕਣਾ ਸ਼ੁਰੂ ਹੋਇਆ ਤਾਂ 3100 ਦੇ ਕਰੀਬ ਪ੍ਰਤੀ ਕੁਇੰਟਲ ਵਿਕਿਆ ਫਿਰ ਲਗਾਤਾਰ ਭਾਅ ਘੱਟਦਾ ਗਿਆ। 

ਸ੍ਰੀ ਮੁਕਤਸਰ ਸਾਹਿਬ ਦੀ ਮੰਡੀ 'ਚ ਬੀਤੇ ਦਿਨੀਂ ਬਰਾਬਰ ਪਈਆਂ ਝੋਨੇ ਦੀਆਂ ਢੇਰੀਆਂ, ਜੋ ਇਕੋ ਆੜਤ 'ਤੇ ਆਈਆਂ ਸਨ, ਉਨ੍ਹਾਂ 'ਚੋਂ ਇਕ 2500 ਤੇ ਦੂਜੀ 2350 ਨੂੰ ਵਿਕੀ। ਬਾਸਮਤੀ ਦਾ ਭਾਅ ਘੱਟ ਹੋਣ ਕਰਕੇ ਕਿਸਾਨ ਨਿਰਾਸ਼ਾ ਦੇ ਆਲਮ 'ਚ ਹਨ, ਕਿਉਂਕਿ ਬਾਸਮਤੀ ਦੀ ਪਨੀਰੀ ਲਾਉਣ ਤੋਂ ਲੈ ਕੇ ਮੰਡੀ 'ਚ ਲਿਆਉਣ ਤੱਕ ਦਾ ਉਨ੍ਹਾਂ ਦਾ ਬਹੁਤ ਖਰਚਾ ਹੋਇਆ ਹੈ। ਜ਼ਮੀਨ ਨੂੰ ਵਾਹੁਣ ਸਮੇਂ 67 ਰੁਪਏ ਪ੍ਰਤੀ ਲੀਟਰ ਡੀਜ਼ਲ ਪੈਟਰੋਲ ਪੰਪਾਂ ਤੋਂ ਖਰੀਦਣਾ ਪਿਆ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਮਹਿੰਗੇ ਭਾਅ ਦੀਆਂ ਹਨ। ਲੇਬਰ ਦਾ ਖਰਚਾ ਵੱਖ ਹੋਇਆ। ਲੱਖਾਂ ਰੁਪਏ ਦੀ ਖਰੀਦੀ ਮਸ਼ੀਨਰੀ ਟਰੈਕਟਰ, ਟਰਾਲੇ, ਕੰਬਾਇਨਾਂ, ਕਲਟੀਵੇਟਰ, ਤਵੀਆਂ ਤੇ ਹੋਰ ਖੇਤੀ ਸੰਦਾਂ ਦੀ ਟੁੱਟ ਭੱਜ 'ਤੇ ਰਿਪੇਅਰ ਕਰਵਾਉਣੀ ਪੈਦੀ ਹੈ।

ਠੇਕੇ 'ਤੇ ਜ਼ਮੀਨਾਂ ਲੈਣ ਵਾਲਿਆਂ ਦੇ ਪੱਲੇ ਕੱਖ ਨਹੀਂ ਪਿਆ 
ਜਿੰਨਾ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਖੇਤੀ ਕੀਤੀ, ਉਨ੍ਹਾਂ ਦੇ ਪੱਲੇ ਤਾਂ ਕੱਖ ਨਹੀਂ ਪਿਆ। ਉਨ੍ਹਾਂ ਨੂੰ ਜ਼ਮੀਨਾਂ ਦਾ ਠੇਕਾ ਬਹੁਤ ਜ਼ਿਆਦਾ ਭਰਨਾ ਪਿਆ ਅਤੇ ਉਪਰੋਂ ਖਰਚੇ ਕਾਫ਼ੀ ਹੋ ਗਏ। ਬਾਸਮਤੀ ਦਾ ਝਾੜ ਐਨਾ ਘੱਟ ਗਿਆ ਕਿ ਕਿਸਾਨਾਂ ਦੀ ਨੀਂਦ ਉੱਡ ਗਈ ਅਤੇ ਰਹਿੰਦੀ ਖੂੰਹਦੀ ਕਸਰ ਇਸ ਦੇ ਘੱਟ ਭਾਅ ਨੇ ਕੱਢ ਦਿੱਤੀ।

ਕੀ ਕਹਿਣਾ ਹੈ ਕਿਸਾਨਾਂ ਦਾ 
ਕਿਸਾਨ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਬਾਸਮਤੀ ਝੋਨੇ ਦਾ ਭਾਅ ਵਧਾਇਆ ਜਾਵੇ। ਜਿੰਨਾਂ ਕਿਸਾਨਾਂ ਨੇ ਬਾਸਮਤੀ ਘੱਟ ਰੇਟ 'ਤੇ ਵੇਚਿਆ ਹੈ, ਉਨ੍ਹਾਂ ਕਿਸਾਨਾਂ ਨੂੰ ਸਰਕਾਰ ਬੋਨਸ ਦੇਵੇ।


rajwinder kaur

Content Editor

Related News