ਲਾਪਤਾ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ

Monday, Sep 30, 2019 - 05:21 PM (IST)

ਲਾਪਤਾ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ

ਬਰਨਾਲਾ (ਪੁਨੀਤ ਮਾਨ) : ਜ਼ਿਲਾ ਬਰਨਾਲਾ ਦੇ ਪਿੰਡ ਬੀਹਲਾ ਦਾ ਨੌਜਵਾਨ ਸ਼ਮਸ਼ਾਦ ਮੁਹੰਮਦ (27)  ਜੋ ਕਿ 27 ਤਰੀਕ ਤੋਂ ਲਾਪਤਾ ਸੀ, ਜਿਸ ਲਾਸ਼ ਪਿੰਡ ਦੀ ਨਹਿਰ 'ਚੋਂ ਬਰਾਮਦ ਕੀਤੀ ਗਈ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਸ਼ਮਸ਼ਾਦ ਦੇ ਕਤਲ ਦਾ ਸ਼ੱਕ ਜਤਾਇਆ ਗਿਆ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 27 ਤਰੀਕ ਨੂੰ ਸ਼ਮਸ਼ਾਦ ਦਾ ਦੋਸਤ ਉਸ ਨੂੰ ਘਰੋਂ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਸੀ ਕਿ ਉਹ ਉਸ ਨੂੰ ਘਰ ਛੱਡ ਆਏ ਪਰ ਉਦੋਂ ਤੋਂ ਉਹ ਘਰ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਮੋਟਰਸਾਈਕਲ ਪਿੰਡ ਦੀ ਨਹਿਰ ਵਿਚ ਡਿੱਗਾ ਪਿਆ ਮਿਲਿਆ ਅਤੇ ਗੋਤਾਖੋਰਾਂ ਵੱਲੋਂ ਨਹਿਰ ਵਿਚ ਭਾਲ ਕਰਨ 'ਤੇ ਸ਼ਮਸ਼ਾਦ ਦੀ ਲਾਸ਼ ਬਰਾਮਦ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਉਹ ਦੀ ਮੌਤ ਡੁੱਬਣ ਨਾਲ ਨਹੀਂ ਹੋਈ ਹੈ, ਉਸ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ। ਉਥੇ ਹੀ ਪਰਿਵਾਰ ਵੱਲੋਂ ਪੁਲਸ 'ਤੇ ਵੀ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਜਦੋਂ ਇਸ ਸਬੰਧ ਵਿਚ ਪੁਲਸ ਪ੍ਰਸ਼ਾਸਨ ਨਾਲ ਗੱਲ ਹੋਈ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਪਰਿਵਾਰਕ ਮੈਂਬਰਾ ਨੇ ਸ਼ਮਸ਼ਾਦ ਮੁਹੰਮਦ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ, ਜਿਸ ਤੋਂ ਬਾਅਦ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਕੇ 304 ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।


author

cherry

Content Editor

Related News