ਬਰਨਾਲਾ ਪੁਲਸ ਨੂੰ ਵੱਡੀ ਸਫ਼ਲਤਾ : ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰ ਕਾਬੂ

Friday, Jul 18, 2025 - 05:27 PM (IST)

ਬਰਨਾਲਾ ਪੁਲਸ ਨੂੰ ਵੱਡੀ ਸਫ਼ਲਤਾ : ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰ ਕਾਬੂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੀਨੀਅਰ ਕਪਤਾਨ ਪੁਲਸ ਬਰਨਾਲਾ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐੱਸ. ਦੀ ਅਗਵਾਈ ਹੇਠ ਮਾਨਯੋਗ ਡਾਇਰੈਕਟਰ ਜਨਰਲ ਪੁਲਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਸ ਨੇ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਅਸ਼ੋਕ ਕੁਮਾਰ, ਪੀ.ਪੀ.ਐੱਸ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਬਰਨਾਲਾ, ਰਾਜਿੰਦਰਪਾਲ ਸਿੰਘ, ਪੀ.ਪੀ.ਐੱਸ, ਉਪ ਕਪਤਾਨ ਪੁਲਸ (ਡਿਟੈਕਟਿਵ) ਬਰਨਾਲਾ ਦੀ ਯੋਗ ਅਗਵਾਈ ਹੇਠ ਅਤੇ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਨਿਗਰਾਨੀ ਹੇਠ ਇਹ ਕਾਰਵਾਈ ਅੰਜਾਮ ਦਿੱਤੀ ਗਈ। ਪੁਲਸ ਟੀਮ ਦੀ ਮੁਸਤੈਦੀ ਅਤੇ ਯੋਜਨਾਬੰਦੀ ਕਾਰਨ ਇਹ ਗਿਰੋਹ ਕਾਬੂ ਆਇਆ।

ਐੱਸਪੀ ਡੀ ਅਸ਼ੋਕ ਸ਼ਰਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 9 ਜੁਲਾਈ ਨੂੰ ਸਹਾਇਕ ਥਾਣੇਦਾਰ ਦਲਜੀਤ ਸਿੰਘ, ਸੀ.ਆਈ.ਏ. ਸਟਾਫ਼ ਥਾਣਾ ਬਰਨਾਲਾ ਨੂੰ ਗੁਪਤ ਇਤਲਾਹ ਮਿਲੀ। ਇਤਲਾਹ ਅਨੁਸਾਰ ਕੁਝ ਵਿਅਕਤੀਆਂ ਨੇ ਮਿਲ ਕੇ ਇਕ ਗੈਂਗ ਬਣਾਇਆ ਹੈ। ਇਹ ਸਾਰੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੈਟਰੋਲ ਪੰਪਾਂ, ਸ਼ਰਾਬ ਦੇ ਠੇਕਿਆਂ, ਘਰਾਂ ਵਿਚ ਚੋਰੀ ਕਰਨ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਹਨ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਚੋਰੀ, ਲੁੱਟਾਂ-ਖੋਹਾਂ ਆਦਿ ਦੇ ਕਈ ਮੁਕੱਦਮੇ ਦਰਜ ਹਨ।

ਗੁਪਤ ਸੂਚਨਾ ਵਿਚ ਇਹ ਵੀ ਦੱਸਿਆ ਗਿਆ ਕਿ ਅੱਜ ਵੀ ਇਹ ਸਾਰੇ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰਾਈਡੈਂਟ ਫੈਕਟਰੀ ਸੰਘੇੜਾ ਪਿੰਡ ਵਾਲੀ ਸਾਈਡ, ਰਾਏਕੋਟ ਰੋਡ, ਬਰਨਾਲਾ ਨੇੜੇ ਬੇ-ਆਬਾਦ ਕਲੋਨੀ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਨ੍ਹਾਂ ਕੋਲ ਇਕ ਪਿੱਕਅੱਪ ਗੱਡੀ ਨੰਬਰੀ PB-13-BU-8429 ਵੀ ਮੌਜੂਦ ਹੈ। ਇਤਲਾਹ ਦੇਣ ਵਾਲੇ ਨੇ ਦੱਸਿਆ ਕਿ ਜੇਕਰ ਹੁਣੇ ਹੀ ਬੇ-ਆਬਾਦ ਕਲੋਨੀ ਰੋਡ ਨੂੰ ਘੇਰਾ ਪਾਇਆ ਜਾਵੇ ਤਾਂ ਇਹ ਸਾਰੇ ਵਿਅਕਤੀ ਮਾਰੂ ਹਥਿਆਰਾਂ ਅਤੇ ਲੁੱਟੇ ਜਾਂ ਚੋਰੀ ਕੀਤੇ ਸਮਾਨ ਸਮੇਤ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਇਸ ਤੇ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। 

ਮੁਲਜ਼ਮਾਂ ਵਿਚ ਅਰਸ਼ਦੀਪ ਸਿੰਘ ਉਰਫ਼ ਗਿੱਪੀ ਪੁੱਤਰ ਰਣਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ, ਬਾਜੀਗਰ ਬਸਤੀ, ਬਰਨਾਲਾ, ਲਖਵਿੰਦਰ ਸਿੰਘ ਉਰਫ਼ ਗੁਰਮਾ ਪੁੱਤਰ ਬੇਅੰਤ ਸਿੰਘ ਵਾਸੀ ਰਾਮਸਰ ਕੋਠੇ, ਬਾਜਾਖਾਨਾ ਰੋਡ, ਬਰਨਾਲਾ, ਗਗਨਦੀਪ ਸਿੰਘ ਉਰਫ਼ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇ, ਬਾਜਾਖਾਨਾ ਰੋਡ, ਬਰਨਾਲਾ, ਸੁਖਚੈਨ ਸਿੰਘ ਉਰਫ਼ ਚੇਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠੇ, ਬਾਜਾਖਾਨਾ ਰੋਡ, ਬਰਨਾਲਾ, ਜਸਨੂਰ ਸਿੰਘ ਉਰਫ਼ ਨਿੱਕਾ ਪੁੱਤਰ ਗੁਰਜੰਟ ਸਿੰਘ ਵਾਸੀ ਨੇੜੇ ਦੁਸਹਿਰਾ ਗਰਾਊਂਡ, ਆਵਾ ਬਸਤੀ, ਬਰਨਾਲਾ ਸ਼ਾਮਲ ਹਨ। ਮੁਲਜ਼ਮਾਂ ਕੋਲੋਂ 1 ਲੋਹਾ ਖੰਡਾ, 2 ਲੋਹੇ ਦੀਆਂ ਪਾਈਪਾਂ, 1 ਐਂਗਲ ਲੋਹਾ ਜਿਸ ਨਾਲ ਗਰਾਰੀਆਂ ਫਿੱਟ ਹਨ ਸਣੇ 3 ਸਪਲਿਟ ਏ.ਸੀ (ਕੰਪ੍ਰੈਸਰ ਸਮੇਤ), 5 ਐੱਲ.ਸੀ.ਡੀਜ਼, 2 ਇਨਵਰਟਰ, 1 ਥੀਏਟਰ ਸਿਸਟਮ, 11 ਮੋਬਾਈਲ ਫੋਨ, 5 ਲੈਪਟਾਪ, ਪਿੱਕਅੱਪ ਗੱਡੀ ਨੰਬਰੀ PB-13-BU-8429, ਜੋ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਸੀ ਬਰਾਮਦ ਹੋਈ ਹੈ। 


author

Gurminder Singh

Content Editor

Related News