ਬਰਨਾਲਾ ਦੀ ਧੀ ਜਲਦ ਭਰੇਗੀ 'ਉਡਾਣ', ਸੁਫ਼ਨਾ ਪੂਰਾ ਕਰਨ ਲਈ ਰਾਜ ਸਭਾ ਮੈਂਬਰ ਸਾਹਨੀ ਵੱਲੋਂ ਵਿਸ਼ੇਸ਼ ਮਦਦ

Thursday, Sep 01, 2022 - 12:33 PM (IST)

ਬਰਨਾਲਾ ਦੀ ਧੀ ਜਲਦ ਭਰੇਗੀ 'ਉਡਾਣ', ਸੁਫ਼ਨਾ ਪੂਰਾ ਕਰਨ ਲਈ ਰਾਜ ਸਭਾ ਮੈਂਬਰ ਸਾਹਨੀ ਵੱਲੋਂ ਵਿਸ਼ੇਸ਼ ਮਦਦ

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਪੰਜਾਬ ਕੋਲ ਪ੍ਰਤਿਭਾ ਦਾ ਲੁਕਿਆ ਹੋਇਆ ਖਜ਼ਾਨਾ ਹੈ ਜਿਸ ਨੂੰ ਕਿ ਸਕਾਲਰਸ਼ਿਪ ਦੇ ਰੂਪ ਵਿਚ ਥੋੜਾ ਜਿਹਾ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੇ ਗ਼ਰੀਬ ਪਰ ਹੁਸ਼ਿਆਰ ਬੱਚੇ ਪੇਸ਼ਾਵਰ ਪੜ੍ਹਾਈ ਕਰ ਕੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਸਕਣ। ਪੰਜਾਬ ਦੀ ਯੁਵਾ ਸ਼ਕਤੀ ਦੇ ਸੁਫ਼ਨਿਆਂ ਦੀ ਪੂਰਤੀ ਲਈ ਸਹਾਇਤਾ ਕਰਨ ਵਾਸਤੇ ਹਾਲ ਵਿਚ ਹੀ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਸ਼ੁਰੂ ਕੀਤਾ ਗਿਆ ਹੈ। ਇਹ ਗੱਲ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਨੂੰ 5.80 ਲੱਖ ਰੁਪਏ ਦੇ ਸਲਾਰਸ਼ਿਪ ਦਾ ਚੈਕ ਸੌਂਪਣ ਵੇਲੇ ਕਹੀ ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਵੰਡਣ ਦੀ ਯੋਜਨਾ ਦੇ ਨਵੇਂ ਐਲਾਨ ਨੇ ਪਾਇਆ ਭੜਥੂ

ਦੱਸ ਦੇਈਏ ਕਿ ਬਰਨਾਲਾ ਦੇ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਕੁਲਵੀਰ ਕੌਰ ਨੇ ਟ੍ਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰ ਲਿਆ ਹੈ ਅਤੇ ਹੁਣ ਉਹ ਦੋ ਮਹੀਨਿਆਂ ਦੇ ਸਮੇਂ ਅੰਦਰ ਹੀ ਕਮਰਸ਼ੀਅਲ ਪਾਇਲਟ ਬਣ ਜਾਏਗੀ। ਸਕਾਲਰਸ਼ਿਪ ਦੇ ਫੰਡ ਕੁਲਵੀਰ ਕੌਰ ਸੌਂਪਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਕੁਲਬੀਰ ਕੌਰ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੋਏਗੀ,  ਜੋ ਕਿ ਪੈਸੇ ਦੀ ਘਾਟ ਕਾਰਣ ਆਪਣੇ ਸੁਫ਼ਨੇ ਪੂਰੇ ਕਰਨ ਵਿਚ ਨਾਕਾਮ ਰਹਿੰਦੇ ਹਨ। ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਕੁਲਵੀਰ ਕੌਰ ਬਰਨਾਲਾ ਨੇੜਲੇ ਪਿੰਡ ਸਮਰ ਦੇ ਇਕ ਗ਼ਰੀਬ ਪਰਿਵਾਰ ਦੀ ਹੋਣਹਾਰ ਧੀ ਹੈ, ਉਸਦੇ ਪਿਤਾ ਇਕ ਗ਼ਰੀਬ ਕਿਸਾਨ ਅਤੇ ਮਾਤਾ ਆਂਗਨਵਾੜੀ ਵਰਕਰ ਹਨ। ਵਿਕਰਮਜੀਤ ਸਿੰਘ ਸਾਹਨੀ ਵਲੋਂ ਦਿਤੀਆਂ ਰਕਮਾਂ ਨਾਲ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਵਲੋਂ ਕੀਤੀ ਗਈ ਹੈ ਜੋ ਇਸ ਫੰਡ ਦੇ ਚੇਅਰਮੈਨ ਹਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸਦੇ ਉਪ-ਚੇਅਰਮੈਨ ਹਨ। ਕੁਲਵੀਰ ਕੌਰ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲਾ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਲੋਹਗੜ੍ਹ 'ਚ ਪਸਰਿਆ ਸੋਗ

ਜਲਦ ਹੀ ਕਮਰਸ਼ੀਅਲ ਪਾਇਲਟ ਬਣਨ ਲਈ ਮੁਬਾਰਕ ਦਿੰਦਿਆਂ ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ ਕਿ ਅਸੀਂ ਉਸਨੂੰ ਇਹ ਸਕਾਲਰਸ਼ਿਪ ਹੀ ਨਹੀਂ ਦੇ ਰਹੇ ਸਗੋਂ ਨਾਲ ਦੀ ਨਾਲ ਉਸਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕਰਾਂਗੇ ਤਾਂ ਜੋ ਜਦੋਂ ਉਹ ਭਲਕੇ ਦੇਸ਼ ਅੰਦਰ ਜਾਂ ਅੰਤਰ ਰਾਸ਼ਟਰੀ ਸੈਕਟਰ ਵਿਚ ਏਅਰਬੱਸ ਦੀ ਉੜਾਨ ਭਰੇ ਤਾਂ ਪੰਜਾਬ ਆਪਣੀ ਧੀ ‘ਤੇ ਮਾਣ ਕਰ ਸਕੇ। ਪਹਿਲਾਂ ਉਹ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਸਾਡੇ ਵਲੋਂ ਪ੍ਰੇਰਤ ਕਰਨ ਨਾਲ ਉਸਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਅੰਦਰ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਨੂੰ ਸੱਭ ਨੂੰ ਉਸ ਉਤੇ ਮਾਣ ਹੈ ਅਤੇ ਅਸੀਂ ਉਸਦੇ ਲੰਬੇ ਅਤੇ ਕਾਮਯਾਬ ਭਵਿੱਖ ਦੀ ਕਾਮਨਾ ਕਰਦੇ ਹਾਂ।

ਇਸ ਮੌਕੇ ਰਾਜ ਸਭਾ ਮੈਂਬਰ ਸਾਹਨੀ ਦਾ ਧੰਨਵਾਦ ਕਰਦਿਆਂ ਕੁਲਵੀਰ ਕੌਰ ਨੇ ਕਿਹਾ ਕਿ ਮੈਂ ਇਕ ਟ੍ਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉੜਾਨ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਮੈਂ ਕਮਰਸ਼ੀਅਲ ਪਾਇਲਟ ਬਣ ਜਾਵਾਂਗੀ। ਪਾਇਲਟ ਬਣਨਾ ਮੇਰਾ ਸੁਫ਼ਨਾ ਸੀ ਅਤੇ ਵਿਕਰਮਜੀਤ ਸਿੰਘ ਵਲੋਂ ਸ਼ੁਰੂ ਕੀਤੇ ਇਸ ਸਕਾਲਸ਼ਿਪ ਦੇ ਮਿਲਣ ਨਾਲ ਇਹ ਸੁਫ਼ਨਾ ਪੂਰਾ ਹੋ ਸਕਿਆ ਹੈ। ਉਸਨੇ ਪੰਜਾਬ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਜਾਣ ਅਤੇ ਉਥੇ ਸੈੱਟ ਹੋਣ ਦਾ ਮਨ ਬਦਲਣ । ਸਗੋਂ ਸਾਰੇ ਨੌਜਵਾਨਾਂ ਨੂੰ ਇਸ ਤਰਾਂ ਦੇ ਫੰਡ ਤੋਂ ਫਾਇਦਾ ਉਠਾ ਕੇ ਆਪਣਾ ਭਵਿੱਖ ਸਫਲ ਬਣਾਉਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News