ਬਰਨਾਲਾ ਪੁਲਸ ਨੇ ਵਾਹਨ ਚਾਲਕਾਂ ਨੂੰ ਫੁੱਲ ਦੇ ਕੇ ਸਮਝਾਏ ਟ੍ਰੈਫਿਕ ਨਿਯਮ

01/11/2020 3:00:40 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਪੁਲਸ ਵੱਲੋਂ ਅੱਜ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਟ੍ਰੈਫਿਕ ਨਿਯਮਾਂ ਸਬੰਧੀ ਸਮਝਾਇਆ ਗਿਆ, ਜਿਸ ਦੀ ਆਮ ਲੋਕਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਗਈ। ਇਕ ਨੌਜਵਾਨ ਮੋਟਰਸਾਇਕਲ 'ਤੇ ਬਿਨਾਂ ਹੈਲਮੇਟ ਅਤੇ ਬਿਨਾਂ ਲਾਇਸੈਂਸ ਮੋਟਰਸਾਇਕਲ ਚਲਾ ਰਿਹਾ ਸੀ ਤਾਂ ਟ੍ਰੈਫਿਕ ਪੁਲਸ ਕਰਮਚਾਰੀਆਂ ਨੇ ਉਸ ਨੂੰ ਰੋਕ ਕੇ ਪਿਆਰ ਨਾਲ ਟ੍ਰੈਫਿਕ ਨਿਯਮ ਸਮਝਾਏ ਅਤੇ ਬਾਅਦ ਵਿਚ ਉਸ ਨੂੰ ਇਕ ਗੁਲਾਬ ਦਾ ਫੁੱਲ ਵੀ ਦਿੱਤਾ। ਗੁਲਾਬ ਦਾ ਫੁੱਲ ਲੈ ਕੇ ਨੌਜਵਾਨ ਬਹੁਤ ਹੀ ਖੁਸ਼ ਹੋਇਆ। ਇਸੇ ਤਰ੍ਹਾਂ ਨਾਲ ਹੋਰ ਵੀ ਵਾਹਨ ਚਾਲਕਾਂ ਨੂੰ ਰੋਕ ਕੇ ਟ੍ਰੈਫਿਕ ਨਿਯਮ ਸਮਝਾਏ ਗਏ ਅਤੇ ਉਨ੍ਹਾਂ ਨੂੰ ਫੁੱਲ ਭੇਂਟ ਕੀਤੇ ਗਏ ਅਤੇ ਸੰਦੇਸ਼ ਦਿੱਤਾ ਗਿਆ ਕਿ ਜ਼ਿੰਦਗੀ ਫੁੱਲਾਂ ਦੀ ਤਰ੍ਹਾਂ ਬਹੁਤ ਹੀ ਕੀਮਤੀ ਹੈ।

ਪੂਰਾ ਹਫਤਾ ਕੀਤੇ ਜਾਣਗੇ ਟ੍ਰੈਫਿਕ ਸਬੰਧੀ ਸੈਮੀਨਾਰ
ਟ੍ਰੈਫਿਕ ਪੁਲਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਐਸ. ਐਸ. ਪੀ. ਬਰਨਾਲਾ ਹਰਜੀਤ ਸਿੰਘ ਅਤੇ ਏ. ਸੀ. ਪੀ. ਪ੍ਰਗਿਆ ਜੈਨ ਨੇ ਕੀਤਾ। 17 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਾਇਆ ਜਾਵੇਗਾ। ਅੱਜ ਇਸ ਦਾ ਪਹਿਲਾ ਦਿਨ ਸੀ। ਟ੍ਰੈਫਿਕ ਹਫਤੇ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਪ੍ਰਗਿਆ ਜੈਨ ਨੇ ਦੱਸਿਆ ਕਿ 13 ਜਨਵਰੀ ਨੂੰ ਭਦੌੜ ਵਿਚ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੀਆਂ ਬੱਚੀਆਂ ਸਾਇਕਲ ਰੈਲੀ ਕੱਢਣਗੀਆਂ। ਫਿਰ ਡੀ. ਸੀ. ਦਫ਼ਤਰ ਬਰਨਾਲਾ ਵਿਖੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਟ੍ਰੈਫਿਕ ਸਬੰਧੀ ਸੈਮੀਨਾਰ ਲਗਾਇਆ ਜਾਵੇਗਾ। ਇਸ ਉਪਰੰਤ ਵਾਈ. ਐਸ. ਸਕੂਲ ਵਿਚ 12:30 ਤੋਂ ਲੈ ਕੇ 1:30 ਵਜੇ ਤੱਕ ਟ੍ਰੈਫਿਕ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ। 14 ਜਨਵਰੀ ਨੂੰ ਸਰਕਾਰੀ ਹਾਈ ਸਕੂਲ ਜਮਲਾ ਮਾਲਕਾਨ ਵਿਖੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਆਸ-ਪਾਸ ਦੇ ਇਲਾਕੇ ਵਿਚ ਸਾਇਕਲ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। 15 ਜਨਵਰੀ ਨੂੰ ਸਰਕਾਰੀ ਹਾਈ ਸਕੂਲ ਦੇ ਲੜਕੇ ਬਜ਼ਾਰਾਂ ਵਿਚ ਸਾਇਕਲ ਰੈਲੀ ਕੱਢਕੇ ਲੋਕਾਂ ਨੂੰ ਟ੍ਰੈਫਿਕ ਸਬੰਧੀ ਜਾਗਰੂਕ ਕਰਨਗੇ। ਧਨੌਲਾ ਵਿਚ ਵੀ ਇਸੇ ਤਰ੍ਹਾਂ ਦੀ ਰੈਲੀ ਕੱਢੀ ਜਾਵੇਗੀ। 16 ਜਨਵਰੀ ਨੂੰ ਮਦਰ ਟੀਚਰ ਸਕੂਲ ਦੇ ਬੱਚੇ ਰੈਲੀ ਕੱਢਣਗੇ। ਮਹਿਲ ਕਲਾਂ ਵਿਚ ਵੀ ਲੜਕੀਆਂ ਵੱਲੋਂ ਸਾਇਕਲ ਰੈਲੀ ਕੱਢੀ ਜਾਵੇਗੀ। 17 ਜਨਵਰੀ ਨੂੰ ਆਰੀਆ ਮਹਿਲਾ ਕਾਲਜ ਵੱਲੋਂ ਰੈਲੀ ਕੱਢੀ ਜਾਵੇਗੀ ਅਤੇ ਦੁਪਹਿਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਈ. ਟੀ. ਆਈ. ਚੌਂਕ ਵਿਚ ਵਾਹਨਾਂ 'ਤੇ ਰਫਲੈਕਟਰ ਲਗਾਏ ਜਾਣਗੇ।

ਐਂਬੂਲੈਂਸਾਂ ਨੂੰ ਟ੍ਰੈਫਿਕ ਵਿਚ ਫਸਣ ਤੋਂ ਬਚਾਉਣ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਏ. ਸੀ. ਪੀ. ਟ੍ਰੈਫਿਕ ਪ੍ਰਗਿਆ ਜੈਨ ਨੇ ਦੱਸਿਆ ਕਿ ਐਂਬੂਲੈਂਸਾਂ ਟ੍ਰੈਫਿਕ ਜਾਮ ਵਿਚ ਨਾ ਫਸਣ ਇਸ ਲਈ ਸਾਡੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਐਂਬੂਲੈਂਸਾਂ ਦੇ ਡਰਾਇਵਰਾਂ ਨੂੰ ਕਿਹਾ ਗਿਆ ਹੈ ਕਿ ਜਿਸ ਰੂਟ ਤੋਂ ਉਨ੍ਹਾਂ ਨੇ ਲੰਘਣਾ ਹੋਵੇ ਤਾਂ ਉਸ ਰੂਟ ਸਬੰਧੀ ਟ੍ਰੈਫਿਕ ਇੰਚਾਰਜ਼ ਜਾਂ ਉਨ੍ਹਾਂ ਨੂੰ ਫੋਨ ਕਰਕੇ ਦੱਸ ਦਿੱਤਾ ਜਾਵੇ। ਉਸ ਰੂਟ 'ਤੇ ਐਂਬੂਲੈਂਸਾਂ ਲਈ ਰਸਤਾ ਬਣਾਕੇ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ ਤਾਂ ਕਿ ਮਰੀਜ਼ਾਂ ਨੂੰ ਸਹੀ ਸਮੇਂ ਡਾਕਟਰੀ ਸਹਾਇਤਾ ਮਿਲ ਸਕੇ। ਜੇਕਰ ਸ਼ਹਿਰ ਵਿਚ ਕਿਸੇ ਵੀ ਜਗ੍ਹਾ 'ਤੇ ਜਾਮ ਲੱਗਿਆ ਹੋਇਆ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਉਨ੍ਹਾਂ ਨੂੰ ਵਟਸਐਪ 'ਤੇ ਪਾਓ। ਤੁਰੰਤ ਉਸ ਜਗ੍ਹਾ 'ਤੇ ਟ੍ਰੈਫਿਕ ਪੁਲਸ ਕਰਮਚਾਰੀ ਭੇਜੇ ਜਾਣਗੇ ਅਤੇ ਉਨ੍ਹਾ ਵੱਲੋਂ ਟ੍ਰੈਫਿਕ ਕੰਟਰੋਲ ਕੀਤਾ ਜਾਵੇਗਾ।

ਚਲਾਣ ਕੱਟਣ ਦੀ ਥਾਂ ਇਸੇ ਢੰਗ ਨਾਲ ਸਾਰਾ ਸਾਲ ਦੇਣਾ ਚਾਹੀਦਾ ਹੈ ਸੰਦੇਸ਼
ਕਿੰਗਜ ਗਰੁੱਪ ਦੇ ਚੇਅਰਮੈਨ ਹਰਦੇਵ ਲੀਲਾ ਨੇ ਕਿਹਾ ਕਿ ਆਮ ਤੌਰ 'ਤੇ ਦੇਖਣ ਨੂੰ ਆਉਂਦਾ ਹੈ ਕਿ ਪੁਲਸ ਦਾ ਧਿਆਨ ਆਮ ਤੌਰ 'ਤੇ ਵਾਹਨ ਚਾਲਕਾਂ ਦੇ ਚਲਾਣ ਕੱਟਣ ਤੱਕ ਹੀ ਸੀਮਿਤ ਰਹਿੰਦਾ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵੱਲ ਧਿਆਨ ਘੱੱਟ ਰਹਿੰਦਾ ਹੈ। ਪੁਲਸ ਦਾ ਅੱਜ ਦਾ ਇਹ ਕਦਮ ਬਹੁਤ ਹੀ ਪ੍ਰਸ਼ੰਸਾ ਯੋਗ ਹੈ, ਜਿਸ ਤਰ੍ਹਾਂ ਨਾਲ ਅੱਜ ਪਿਆਰ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਸੇ ਤਰ੍ਹਾਂ ਨਾਲ ਸਾਰਾ ਸਾਲ ਹੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣ ਅਤੇ ਹਜ਼ਾਰਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

ਸਕੂਲਾਂ ਦੇ ਸਿਲੇਬਸ ਵਿਚ ਵੀ ਟ੍ਰੈਫਿਕ ਨਿਯਮਾਂ ਦੀ ਦਿੱਤੀ ਜਾਣੀ ਚਾਹੀਦੀ ਹੈ ਜਾਣਕਾਰੀ
ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੁੱਬੀ ਨੇ ਕਿਹਾ ਕਿ ਅੱਜ ਦਾ ਯੂੱਗ ਮਸ਼ੀਨੀ ਯੁੱਗ ਹੈ। ਦੇਸ਼ ਵਿਚ ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਦੇਸ਼ ਦੇ ਲਗਭਗ ਹਰ ਵਿਅਕਤੀ ਕੋਲ ਆਪਣਾ ਵਾਹਨ ਹੈ ਪਰ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਬਹੁਤ ਘੱਟ ਹੈ, ਜਿਸ ਕਾਰਨ ਹਰ ਸਾਲ ਕਈ ਜਾਨਾਂ ਸੜਕ ਹਾਦਸਿਆਂ ਵਿਚ ਜਾ ਰਹੀਆਂ ਹਨ। ਅੱਜ ਦੇ ਯੁੱਗ ਵਿਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਸਿਲੇਬਸ ਵਿਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣਾ ਜ਼ਰੂਰੀ ਬਣਾਇਆ ਜਾਵੇ ਤਾਂ ਕਿ ਬੱਚੇ ਸ਼ੁਰੂ ਤੋਂ ਹੀ ਟ੍ਰੈਫਿਕ ਨਿਯਮ ਸਿੱਖ ਸਕਣ।


cherry

Content Editor

Related News