ਲੱਚਰ ਗੀਤ ਵਜਾਉਣ ''ਤੇ 20 ਬੱਸਾਂ ਦੇ ਕੱਟੇ ਚਲਾਨ

02/14/2020 10:43:49 AM

ਬਰਨਾਲਾ (ਪੁਨੀਤ ਮਾਨ) : ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਬੱਸਾਂ 'ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ 'ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਤਹਿਤ ਬਰਨਾਲਾ ਵਿਚ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਨੇ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ 40 ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 20 ਬੱਸਾਂ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੱਟੇ ਗਏ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਭਵਿੱਖ ਵਿਚ ਵੀ ਜ਼ੋਰਦਾਰ ਢੰਗ ਨਾਲ ਚਲਾਈਆਂ ਜਾਣਗੀਆਂ।

ਮੁਸਾਫਰਾਂ ਨੇ ਦੱਸਿਆ ਕਿ ਲੱਚਰ ਗੀਤਾਂ 'ਤੇ ਪਾਬੰਦੀ ਦੀਆਂ ਸਖਤ ਹਦਾਇਤਾਂ ਜਾਰੀ ਕਰਦਿਆਂ ਸਰਕਾਰ ਨੇ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਸਫਰ ਦੌਰਾਨ ਬੱਸਾਂ ਵਿਚ ਉੱਚੀ ਆਵਾਜ਼ ਵਿਚ ਗਾਣੇ ਸੁਣਨ ਨਾਲ ਡਰਾਈਵਰਾਂ ਦੀ ਮਾਨਸਿਕਤਾ 'ਤੇ ਵੀ ਮਾੜਾ ਅਸਰ ਪੈਣ ਕਰ ਕੇ ਅਕਸਰ ਵ੍ਹੀਕਲਾਂ ਦਾ ਸੰਤੁਲਨ ਵਿਗੜਣ ਕਰ ਕੇ ਭਿਆਨਕ ਐਕਸੀਡੈਂਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਵੱਜਦੇ ਅਸ਼ਲੀਲ ਗੀਤਾਂ ਦੀ ਆਵਾਜ਼ ਸੁਣ ਕੇ ਬੱਸ ਵਿਚ ਬੈਠੀਆਂ ਔਰਤਾਂ, ਲੜਕੀਆਂ ਅਤੇ ਛੋਟੀਆਂ ਬੱਚੀਆਂ ਨਾਲ ਬੈਠੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸ਼ਰਮਸਾਰ ਹੋ ਕੇ ਮਜਬੂਰੀ ਵੱਸ ਆਪਣਾ ਸਫਰ ਤਹਿ ਕਰਨਾ ਪੈਂਦਾ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚ ਅਸ਼ਲੀਲ ਗਾਣੇ ਵਜਾਉਣ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਬੱਸਾਂ ਵਿਚ ਸਫਰ ਕਰਨਾ ਆਸਾਨ ਹੋ ਗਿਆ ਹੈ।


cherry

Content Editor

Related News