ਬੈਂਕ ’ਚ ਅੱਗ ਲੱਗਣ ਕਾਰਨ ਸਾਮਾਨ ਸੜਿਅਾ, ਨਕਦੀ ਬਚੀ

12/09/2018 12:32:12 AM

ਮੋਗਾ, (ਅਾਜ਼ਾਦ)- ਮੋਗਾ ਜ਼ਿਲੇ ਦੀ ਸਬ-ਡਵੀਜ਼ਨ ਧਰਮਕੋਟ ’ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਬ੍ਰਾਂਚ ਨੂੰ ਅੱਜ ਸਵੇਰੇ ਤਡ਼ਕਸਾਰ ਅਚਾਨਕ ਲੱਗ ਲੱਗਣ ਨਾਲ ਬੈਂਕ ’ਚ ਪਿਆ ਸਾਰਾ ਸਾਮਾਨ ਸਡ਼ ਕੇ ਸੁਆਹ ਹੋ ਗਿਆ, ਜਦਕਿ ਨਕਦੀ ਅੱਗ ਦੀ ਲਪੇਟ ’ਚ ਆਉਣ ਤੋਂ ਬਚ ਗਈ। ਇਸ ਸਬੰਧ ’ਚ ਥਾਣਾ ਧਰਮਕੋਟ ਦੇ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਬੈਂਕ ਦੇ ਸਹਾਇਕ ਮੈਨੇਜਰ ਧਰਮਪਾਲ ਸਿੰਘ ਦੇ ਬਿਆਨਾਂ ’ਤੇ ਰਿਪੋਰਟ ਦਰਜ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦ ਬੈਂਕ ਏ. ਟੀ. ਐੱਮ. ’ਚ ਮੌਜੂਦ ਸੁਰੱਖਿਆ ਕਰਮਚਾਰੀ ਜੋ ਏ. ਟੀ. ਐੱਮ. ’ਚ ਹੀ ਰਾਤ ਨੂੰ ਸੌਂਦਾ ਹੈ, ਨੇ ਅਚਾਨਕ ਬੈਂਕ ’ਚ ਲੱਗੇ ਸਾਇਰਨ ਵੱਜਣ ਅਾਵਾਜ਼ ਸੁਣੀ। ਉਹ ਬਾਹਰ ਨਿਕਲਿਆ ਅਤੇ ਰੋਲਾ ਪਾਇਆ ਤਾਂ ਦੇਖਿਆ ਕਿ ਬੈਂਕ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਅਤੇ ਅੱਗ ਭਿਅਾਨਕ ਰੂਪ ’ਚ ਫੈਲੀ ਹੋਈ ਹੈ। ਅੱਗ ਬੈਂਕ ਦੇ ਏ. ਟੀ. ਐੱਮ. ਤੱਕ ਪਹੁੰਚ ਚੁੱਕੀ ਸੀ, ਜਿਸ ’ਤੇ ਉਸਨੇ ਬੈਂਕ ਮੈਨੇਜਰ ਦੇ ਇਲਾਵਾ ਫਾਇਰ ਬਿਗ੍ਰੇਡ ਮੋਗਾ ਨੂੰ ਸੂਚਿਤ ਕੀਤਾ। ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਣ ’ਤੇ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਦੇ ਇਲਾਵਾ ਡੀ. ਐੱਸ. ਪੀ. ਧਰਮਕੋਟ ਅਜੈ ਰਾਜ ਸਿੰਘ, ਥਾਣਾ ਮੁਖੀ ਧਰਮਕੋਟ ਜੋਗਿੰਦਰ ਸਿੰਘ ਅਤੇ ਥਾਣੇਦਾਰ ਬਲਵਿੰਦਰ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਉਥੇ ਪੁੱਜੇ। ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਨੇ ਕਡ਼ੀ ਮੁਸ਼ਕਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਜਦ ਬੈਂਕ ਮੁਲਾਜ਼ਮਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਬੈਂਕ ’ਚ ਪਿਆ ਸਾਰਾ ਸਾਮਾਨ ਸਡ਼ ਕੇ ਸੁਆਹ ਹੋ ਚੁੱਕਾ ਸੀ, ਜਿਸ ’ਚ ਬੈਂਕ ਦਾ ਰਿਕਾਰਡ, ਕੰਪਿਊਟਰ, ਫਰਨੀਚਰ ਆਦਿ ਵੀ ਸ਼ਾਮਲ ਹਨ ਜਦਕਿ ਅੱਗ ਲੱਗਣ ਨਾਲ ਬੈਂਕ ’ਚ ਪਿਆ ਕੈਸ਼ ਅਤੇ ਏ. ਟੀ. ਐੱਮ. ਦਾ ਕੈਸ਼ ਵੀ ਬਚ ਗਿਆ। ਸੂਤਰਾਂ ਅਨੁਸਾਰ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਦੀ ਸ਼ੰਕਾਂ ਪ੍ਰਗਟਾਈ ਜਾ ਰਹੀ ਹੈ। ਅੱਗ ਨਾਲ ਕਿੰਨਾਂ ਨੁਕਸਾਨ ਹੋਇਆ ਹੈ ਅਜੇ ਤੱਕ ਇਸ ਦਾ ਬਿਊਰਾ ਨਹੀਂ ਮਿਲ ਸਕਿਆ।


Related News