ਬਾਘਾਪੁਰਾਣਾ ਐੱਸ.ਡੀ.ਐੱਮ.ਦਫ਼ਤਰ ਦੇ ਮੂਹਰੇ 13 ਅਕਤੂਬਰ ਤੋਂ ਲਾਇਆ ਜਾਵੇਗਾ ਪੱਕਾ ਧਰਨਾ
Sunday, Oct 10, 2021 - 04:50 PM (IST)
ਬਾਘਾਪੁਰਾਣਾ (ਅੰਕੁਸ਼): ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਪੰਜਾਬ ਸਰਕਾਰ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਦਵਾਉਣ ਲਈ ਐੱਸ.ਡੀ.ਐੱਮ. ਦਫ਼ਤਰ ਬਾਘਾਪੁਰਾਣਾ ਮੂਹਰੇ 13 ਅਕਤੂਬਰ ਤੋਂ ਪੱਕਾ ਧਰਨਾ ਲਾਇਆ ਜਾਵੇਗਾ। ਇਸ ਸਬੰਧੀ ਅੱਜ ਰਿਲਾਇੰਸ ਪੰਪ ਰਾਜੇਆਣਾ ਵਿਖੇ ਮੀਟਿੰਗ ਕੀਤੀ ਗਈ ਇਹ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਲ ਤੋਂ ਅੰਦੋਲਨ ਚੱਲ ਰਿਹਾ ਹੈ। ਦਿੱਲੀ ਵਿਚ ਪੱਕੇ ਮੋਰਚੇ ਲੱਗੇ ਨੂੰ 10 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ। ਇਸ ਮੋਰਚੇ ’ਚ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਦਿੱਲੀ ਮੋਰਚੇ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ 5 ਲੱਖ ਦੀ ਮਾਲੀ ਸਹਾਇਤਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ।ਪਰ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹ ਸਹਾਇਤਾ ਰਾਸ਼ੀ ਨਹੀਂ ਮਿਲੀ।
ਇਸੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਸ਼ਹੀਦ ਹੋਏ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਨਹੀਂ ਮਿਲੀ। ਜਿਨ੍ਹਾਂ ’ਚ ਅਮਰੀਕ ਸਿੰਘ ਛੋਟਾ ਘਰ, ਦਰਸ਼ਨ ਸਿੰਘ ਰੋਡੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਵਾਉਣ ਲਈ ਲਗਾਤਾਰ ਸਿਵਲ ਪ੍ਰਸ਼ਾਸਨ ਨੂੰ ਬਹੁਤ ਵਾਰੀ ਮਿਲਿਆਂ ਗਿਆ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਆਨਾ ਕਾਨੀ, ਟਾਲ ਮਟੋਲ ਤੋਂ ਸਿਵਾਏ ਕੁਝ ਪੱਲੇ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਅੱਜ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਤਹਿਤ ਕੀਤਾ ਗਿਆ ਕਿ 13 ਅਕਤੂਬਰ ਤੋਂ ਐੱਸ.ਡੀ.ਐੱਮ.ਦਫ਼ਤਰ ਬਾਘਾਪੁਰਾਣਾ ਦੇ ਮੂਹਰੇ ਪੱਕਾ ਧਰਨਾ ਲਾਇਆ ਜਾਵੇਗਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿਵਾਉਣ ਤੱਕ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਮੌਕੇ ਬਲਾਕ ਮੀਤ ਪ੍ਰਧਾਨ ਮੋਹਲਾ ਸਿੰਘ ਜਗਜੀਤ ਸਿੰਘ ਰੋਡੇ, ਗੁਰਪ੍ਰੀਤ ਸਿੰਘ ਵੈਰੋਕੇ ਆਦਿ ਹਾਜ਼ਰ ਸਨ।