ਸੜਕ ਹਾਦਸੇ ’ਚ ਸਹਾਇਕ ਥਾਣੇਦਾਰ ਦੀ ਮੌਤ
Thursday, Dec 06, 2018 - 02:49 AM (IST)

ਮੋਗਾ, (ਅਾਜ਼ਾਦ)- ਬੀਤੀ ਦੇਰ ਰਾਤ ਮੋਗਾ-ਜਲੰਧਰ ਰੋਡ ’ਤੇ ਥਾਣਾ ਸਿਟੀ ਮੋਗਾ ’ਚ ਤਾਇਨਾਤ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਉਰਫ ਗਗਨ ਦੀ ਅਣਪਛਾਤੇ ਟਰੱਕ ਦੀ ਲਪੇਟ ’ਚ ਆ ਕੇ ਮੌਤ ਹੋ ਗਈ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਬਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਫਿਰੋਜ਼ਪੁਰ ਬਾਡਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਮੋਗਾ ਵਿਚ ਤਾਇਨਾਤ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਉਰਫ ਗਗਨ ਬੀਤੀ ਦੇਰ ਰਾਤ ਕਿਸੇ ਜਾਂਚ ਸਬੰਧੀ ਆਪਣੀ ਕਾਰ ’ਚ ਧਰਮਕੋਟ ਵੱਲੋਂ ਆ ਰਿਹਾ ਸੀ, ਜਦ ਉਹ ਜਲਾਲਾਬਾਦ ਕੋਲ ਪਹੁੰਚਿਆ ਤਾਂ ਅਚਾਨਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋਡ਼ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ। ਅਣਪਛਾਤੇ ਟਰੱਕ ਚਾਲਕ ਦੀ ਪੁਲਸ ਤਲਾਸ਼ ਕਰ ਰਹੀ ਹੈ।