ਸ਼ਰਾਬ ਠੇਕੇਦਾਰ ਦੇ ਕਰਿੰਦਿਆਂ 'ਤੇ ਪਤਨੀ ਨੇ ਲਾਏ ਪਤੀ ਦੀ ਕੁੱਟਮਾਰ ਅਤੇ ਜ਼ਖਮੀ ਕਰਨ ਦੇ ਦੋਸ਼
Monday, Jul 23, 2018 - 05:48 PM (IST)

ਜਲਾਲਾਬਾਦ (ਨਿਖੰਜ) - ਪਿੰਡ ਟਿਵਾਨਾ ਕਲਾਂ ਦੀ ਇਕ ਔਰਤ ਨੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ 'ਤੇ ਪਤੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਦੋਸ਼ ਲਗਾਏ ਹਨ। ਪੱਤਰਕਾਰਾਂ ਸਮੇਤ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ 'ਚ ਔਰਤ ਛਿੰਦਰਪਾਲ ਕੌਰ ਪਤਨੀ ਪਰਮਜੀਤ ਸਿੰਘ ਨੇ ਉਕਤ ਕਰਿੰਦਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਕਤ ਠੇਕੇਦਾਰ ਅਤੇ ਉਸ ਦੇ ਕਰਿੰਦੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ।
ਜਾਣਕਾਰੀ ਦਿੰਦਿਆਂ ਔਰਤ ਨੇ ਕਿਹਾ ਕਿ ਉਸ ਦਾ ਪਤੀ 20 ਜੁਲਾਈ ਨੂੰ ਕਿਸੇ ਕੰਮ ਲਈ ਜਲਾਲਾਬਾਦ ਸ਼ਹਿਰ ਆਇਆ ਹੋਇਆ ਸੀ ਅਤੇ ਉਕਤ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦਿਆਂ ਪੁਲਸ ਕਰਮਚਾਰੀਆਂ ਦੀ ਗੈਰ-ਮੌਜੂਦਗੀ 'ਚ ਉਸ ਨੂੰ ਫੜ ਕੇ ਠੇਕੇਦਾਰ ਦੇ ਦਫਤਰ ਲੈ ਗਏ, ਜਿਥੇ ਉਸ ਦੀ ਮਾਰਕੁੱਟ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਥਾਣਾ ਸਦਰ ਜਲਾਲਾਬਾਦ ਵਿਖੇ ਫੜਵਾ ਦਿੱਤਾ। ਉਸ ਨੇ ਕਿਹਾ ਕਿ ਪਹਿਲਾਂ ਵੀ ਸ਼ਰਾਬ ਦਾ ਠੇਕੇਦਾਰ ਅਤੇ ਕਰਿੰਦੇ ਉਸ ਦੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਚੁੱਕੇ ਹਨ। ਉਨ੍ਹਾਂ ਨੇ ਇਨਸਾਫ ਲੈਣ ਲਈ ਇਕ ਦਰਖਾਸਤ ਜ਼ਿਲਾ ਫਾਜ਼ਿਲਕਾ ਦੇ ਐੱਸ. ਐੱਸ. ਪੀ. ਨੂੰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪਰ ਪੁਲਸ ਪ੍ਰਸ਼ਾਸਨ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।
ਉਕਤ ਔਰਤ ਨੇ ਦੱਸਿਆ ਕਿ ਇਸ ਕੰਮ 'ਚ ਪੰਜਾਬ ਪੁਲਸ ਥਾਣਾ ਸਿਟੀ ਦਾ ਏ.ਐੱਸ.ਆਈ. ਤਿਲਕ ਰਾਜ ਵੀ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨਾਲ ਮਿਲਿਆ ਹੋਇਆ ਹੈ, ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ। ਪੀੜਤ ਔਰਤ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇੰਨਸਾਫ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵੇਗੀ। ਇਸ ਮਾਮਲੇ ਦੀ ਸੱਚਾਈ ਜਾਣਨ ਲਈ ਥਾਣਾ ਸਦਰ ਜਲਾਲਾਬਾਦ ਦੇ ਮੁਖੀ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਕਤ ਵਿਅਕਤੀ ਇਕ ਮਾਮਲੇ 'ਚ ਨਾਮਜ਼ਦ ਸੀ, ਜਿਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਦੂਜੇ ਪਾਸੇ ਸ਼ਰਾਬ ਠੇਕੇਦਾਰ ਰਣਜੀਤ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਮਜੀਤ ਨੇ ਸਾਡੇ ਠੇਕੇ ਦੇ ਕਰਮਚਾਰੀਆਂ ਨਾਲ ਕੁੱਟਮਾਰ ਕਰਕੇ ਨਗਦੀ ਖੋਹੀ ਸੀ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰਵਾਇਆ ਗਿਆ ਸੀ।
ਇਸ ਸਬੰਧੀ ਜਦ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ. ਤਿਲਕ ਰਾਜ 'ਤੇ ਲੱਗੇ ਦੋਸ਼ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਔਰਤ ਦੇ ਪਤੀ ਖਿਲਾਫ 4 ਮਈ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਉਕਤ ਵਿਅਕਤੀ ਨਾਲ ਮੇਰੀ ਕੋਈ ਜਾਣ ਪਛਾਣ ਨਹੀਂ ਹੈ। ਉਕਤ ਔਰਤ ਮਾਮਲੇ ਨੂੰ ਦਬਾਉਣ ਲਈ ਮੇਰੇ 'ਤੇ ਝੂਠੀਆਂ ਦਰਖਾਸਤਾਂ ਦੇ ਰਹੀ ਹੈ ਅਤੇ ਬੇਬੁਨਿਆਦ ਦੋਸ਼ ਲਗਾ ਰਹੀ ਹੈ।