ਹਥਿਆਰਬੰਦ ਬਦਮਾਸ਼ਾਂ ਨੇ ਮਨੀ ਐਕਸਚੇਂਜਰ ਤੋਂ 55,000 ਦੀ ਨਕਦੀ ਲੁੱਟੀ
Thursday, Oct 25, 2018 - 12:52 AM (IST)

ਲੁਧਿਆਣਾ, (ਮਹੇਸ਼)- ਬਸਤੀ ਜੋਧੇਵਾਲ ਦੇ ਸਰਦਾਰ ਨਗਰ ਇਲਾਕੇ ਵਿਚ 8 ਦਿਨ ਪਹਿਲਾਂ ਮਨੀ ਐਕਸਚੇਂਜਰ ਸੰਜੀਵ ਕੁਮਾਰ ਨਾਲ ਹੋਈ 2.50 ਲੱਖ ਰੁਪਏ ਦੀ ਲੁੱਟ ਦਾ ਕੇਸ ਅਜੇ ਸੁਲਝਿਆ ਨਹੀਂ ਸੀ ਕਿ ਮੰਗਲਵਾਰ ਸ਼ਾਮ ਨੂੰ ਐਕਟਿਵਾ ਸਵਾਰ 2 ਬਦਮਾਸ਼ ਕਾਨੂੰਨ ਵਿਵਸਥਾ ਨੂੰ ਅੰਗੂਠਾ ਦਿਖਾਉਂਦੇ ਹੋਏ ਬਹਾਦਰਕੇ ਰੋਡ ਦੇ ਹਰਵਿੰਦਰ ਨਗਰ ਇਲਾਕੇ ’ਚ ਹਥਿਆਰਾਂ ਦੇ ਜ਼ੋਰ ’ਤੇ ਇਕ ਮਨੀ ਐਕਸਚੇਂਜਰ ਤੋਂ 55,000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਬਾਦਮਾਸ਼ਾਂ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਸ ਨੇ ਇਕ ਬਦਮਾਸ਼ ਦੀ ਪਛਾਣ ਕਰ ਲਈ ਹੈ। ਬਹਾਦਰਕੇ ਰੋਡ ਦੇ ਮਨਮੋਹਨ ਨਗਰ ਦੇ ਰਹਿਣ ਵਾਲੇ ਗਿਆਨ ਪ੍ਰਸਾਦ ਦੀ ਵੀਰ ਹੌਜ਼ਰੀ ਕੋਲ ਮਨੀ ਐਕਸਚੇਂਜ ਦੀ ਸ਼ਾਪ ਹੈ। ਸ਼ਾਮ ਨੂੰ ਉਹ ਦੁਕਾਨ ’ਤੇ ਗਾਹਕ ਨੂੰ ਅਟੈਂਡ ਕਰ ਰਿਹਾ ਸੀ। ਉਸ ਦਾ ਇਕ ਦੋਸਤ ਵੀ ਆਇਆ ਹੋਇਆ ਸੀ। ਕਰੀਬ 9.07 ਵਜੇ ਸਫੇਦ ਰੰਗ ਦੀ ਐਕਟਿਵਾ ’ਤੇ 2 ਬਦਮਾਸ਼ ਆਏ ਜਿਨ੍ਹਾਂ ’ਚੋਂ ਇਕ ਨੇ ਮੂੰਹ ’ਤੇ ਰੁਮਾਲ ਬੰਨ੍ਹ ਰੱਖਿਆ ਸੀ। ਉਸ ਦੇ ਹੱਥ ਵਿਚ ਪਿਸਤੌਲ ਸੀ। ਦੂਜੇ ਨੇ ਤੇਜ਼ਧਾਰ ਹਥਿਆਰ ਦਾਤਰ ਫਡ਼ ਰੱਖਿਆ ਸੀ। ਦੋਵਾਂ ਨੇ ਦੁਕਾਨ ਵਿਚ ਦਾਖਲ ਹੁੰਦੇ ਹੀ ਤਿੰਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਧਮਕਾਉਣਾ ਸ਼ੁਰੂ ਕਰ ਦਿੱਤਾ।
ਬਦਮਾਸ਼ਾਂ ਕੋਲ ਖਤਰਨਾਕ ਹਥਿਆਰ ਦੇਖ ਕੇ ਤਿੰਨਾਂ ਵਿਚੋਂ ਕਿਸੇ ਦੀ ਵੀ ਉਨ੍ਹਾਂ ਨਾਲ ਭਿਡ਼ਨ ਦੀ ਹਿੰਮਤ ਨਹੀਂ ਪਈ, ਜਿਸ ਕਾਰਨ ਬਦਮਾਸ਼ ਬਡ਼ੇ ਹੀ ਅਾਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਏ।
ਉਧਰ, ਸੂਚਨਾ ਮਿਲਣ ’ਤੇ ਸਹਾਇਕ ਸੀ. ਪੀ. ਲਖਬੀਰ ਸਿੰਘ ਟਿਵਾਣਾ, ਜੋਧੇਵਾਲ ਥਾਣਾ ਮੁਖੀ ਮਾਧੁਰੀ ਸ਼ਰਮਾ ਪੁਲਸ ਪਾਰਟੀ ਸਮੇਤ ਪੁੱਜੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬਦਮਾਸ਼ਾਂ ਕੋਲ ਖਿਡੌਣਾ ਪਿਸਤੌਲ ਸੀ। ਪੁਲਸ ਨੂੰ ਵੀ ਸ਼ੱਕ ਹੈ ਕਿ ਮਨੀ ਐਕਸਚੇਂਜਰ ਸੰਜੀਵ ਨਾਲ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਇਨ੍ਹਾਂ ਹੀ ਬਦਮਾਸ਼ਾਂ ਨੇ ਅੰਜਾਮ ਦਿੱਤਾ ਹੈ।
ਫੁਟੇਜ ਤੋਂ ਹੋਈ ਇਕ ਬਦਮਾਸ਼ ਦੀ ਪਛਾਣ
ਕੇਸ ਨੂੰ ਹੱਲ ਕਰਨ ਲਈ ਏ. ਡੀ. ਸੀ. ਪੀ. ਨਾਰਥ ਤਹਿਤ ਆਉਂਦੇ ਥਾਣਿਆਂ ਦੀਆਂ ਕਈ ਟੀਮਾਂ ਇਸ ਕੇਸ ਨੂੰ ਸੁਲਝਾਉਣ ਵਿਚ ਲੱਗੀਆਂ ਹੋਈਆਂ ਹਨ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਖਤ ਮੁਸ਼ੱਕਤ ਤੋਂ ਬਾਅਦ ਸਲੇਮ ਟਾਬਰੀ ਪੁਲਸ ਦੀ ਟੀਮ ਨੇ ਇਕ ਬਦਮਾਸ਼ ਦੀ ਪਛਾਣ ਕਰ ਲਈ ਹੈ ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੇ ਪਿੱਛੇ ਪੁਲਸ ਲੱਗ ਚੁੱਕੀ ਹੈ, ਜੋ ਕਿ ਚਾਂਦ ਸਿਨੇਮਾ ਨੇਡ਼ਲੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਅਪਰਾਧਕ ਰਿਕਾਰਡ ਵੀ ਹੈ।
ਸਾਹ ਰੁਕੇ ਰਹੇ
ਗਿਆਨ ਨੇ ਕਿਹਾ ਕਿ ਦੋਵੇਂ ਬਦਮਾਸ਼ 5 ਮਿੰਟ ਤੱਕ ਹੰਗਾਮਾ ਮਚਾਉਂਦੇ ਰਹੇ, ਜਿਨ੍ਹਾਂ ਨੇ ਉਸ ਦੀਆਂ ਜੇਬਾਂ ਦੀ ਤਲਾਸ਼ੀ ਤੋਂ ਇਲਾਵਾ ਪੂਰੀ ਦੁਕਾਨ ਛਾਣ ਮਾਰੀ। ਬਦਾਮਾਸ਼ਾਂ ਨੇ ਕੈਸ਼ ਕਾਊਂਟਰ ’ਚੋਂ 55,000 ਰੁਪਏ ਜਿਨ੍ਹਾਂ ’ਚ ਇਕ ਬਦਮਾਸ਼, ਜੋ ਕਿ ਨਸ਼ੇ ਵਿਚ ਲੱਗ ਰਿਹਾ ਸੀ, ਵਾਰ-ਵਾਰ ਆਪਣੇ ਸਾਥੀ ਨੂੰ ਗੋਲੀ ਚਲਾਉਣ ਲਈ ਕਹਿੰਦਾ ਰਿਹਾ। ਜਦੋਂ ਤੱਕ ਬਦਮਾਸ਼ ਦੁਕਾਨ ਵਿਚ ਰਹੇ, ਉਨ੍ਹਾਂ ਦੇ ਸਾਰਿਆਂ ਦੇ ਸਾਹ ਰੁਕੇ ਰਹੇ। ਗਿਆਨ ਨੇ ਦੱਸਿਆ ਕਿ ਇਹ ਸਾਰੀ ਨਕਦੀ ਗਾਹਕਾਂ ਦੀ ਸੀ, ਜੋ ਉਸ ਨੇ ਉਨ੍ਹਾਂ ਦੇ ਦੱਸੇ ਗਏ ਖਾਤਿਆਂ ’ਚ ਟ੍ਰਾਂਸਫਰ ਕਰਨੀ ਸੀ।
ਫਾਂਬਡ਼ਾ ਰੋਡ ਵੱਲ ਭੱਜੇ ਬਦਮਾਸ਼
ਗਿਆਨ ਨੇ ਦੱਸਿਆ ਕਿ ਜਦੋਂ ਬਦਮਾਸ਼ ਐਕਟਿਵਾ ’ਤੇ ਭੱਜ ਰਹੇ ਸਨ ਤਾਂ ਉਸ ਨੇ ਰੌਲਾ ਪਾਇਆ। ਰੌਲਾ ਸੁਣ ਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਬਦਮਾਸ਼ ਉਨ੍ਹਾਂ ਦੇ ਹੱਥ ਨਹੀਂ ਲੱਗੇ। ਸੀ. ਸੀ. ਟੀ. ਵੀ. ਫੁਟੇਜ ’ਚ ਬਦਮਾਸ਼ ਫਾਂਬਡ਼ਾ ਰੋਡ ਵੱਲ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਤੇ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।
ਨਹੀਂ ਮਿਲਿਆ ਪੁਲਸ ਕੰਟਰੋਲ ਰੂਮ ਦਾ ਫੋਨ
ਪੀਡ਼ਤ ਨੇ ਦੱਸਿਆ ਕਿ ਕਈ ਵਾਰ ਯਤਨ ਕਰਨ ਦੇ ਬਾਵਜੂਦ ਪੁਲਸ ਕੰਟਰੋਲ ਰੂਮ ਦਾ ਨੰਬਰ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸ ਨੇ ਇਲਾਕੇ ਵਿਚ ਗਸ਼ਤ ਕਰਨ ਵਾਲੇ ਪੀ. ਸੀ. ਆਰ. ਦਸਤੇ ਦੇ ਮੁਲਾਜ਼ਮ ਦਾ ਨਿੱਜੀ ਨੰਬਰ ਮਿਲਾਇਆ ਅਤੇ ਘਟਨਾ ਦੀ ਸੂਚਨਾ ਦਿੱਤੀ। 5 ਮਿੰਟ ਵਿਚ ਹੀ ਭਾਰੀ ਪੁਲਸ ਫੋਰਸ ਮੌਕੇ ’ਤੇ ਪੁੱਜ ਗਈ।