ਸਮਰਾਲਾ ਦੇ ਪਿੰਡ ਬੌਂਦਲੀ ’ਚ ਵਾਪਰੀ ਇਕ ਹੋਰ ਬੇਅਦਬੀ ਦੀ ਘਟਨਾ

Friday, Nov 12, 2021 - 03:30 AM (IST)

ਸਮਰਾਲਾ ਦੇ ਪਿੰਡ ਬੌਂਦਲੀ ’ਚ ਵਾਪਰੀ ਇਕ ਹੋਰ ਬੇਅਦਬੀ ਦੀ ਘਟਨਾ

ਸਮਰਾਲਾ(ਗਰਗ,ਬੰਗੜ,ਵਿਪਨ)- ਪੰਜਾਬ 'ਚ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਤੋੜਣ ਲਈ ਧਾਰਮਿਕ ਅਸਥਾਨਾਂ ’ਤੇ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਤੜਕੇ ਸਵੇਰੇ ਸਮਰਾਲਾ ਨੇੜਲੇ ਪਿੰਡ ਬੌਂਦਲੀ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸਾਰੇ ਧਰਮਾਂ ਦੇ ਸਾਂਝ ਦੀ ਪ੍ਰਤੀਕ ਲੱਖ ਦਾਤਾ ਪੀਰ ਦੀ ਦਰਗਾਹ ਵਿਖੇ ਸਥਾਪਿਤ ਭਗਵਾਨ ਸ਼੍ਰੀ ਹਨੂੰਮਾਨ ਜੀ ਅਤੇ ਬਾਬਾ ਭੈਰੋਂ ਨਾਥ ਜੀ ਦੀਆਂ ਮੂਰਤੀਆਂ ਦੀ ਬੇਅਦਬੀ ਕਰਦੇ ਹੋਏ ਇਨ੍ਹਾਂ ਨੂੰ ਖੰਡਿਤ ਕਰ ਦਿੱਤਾ ਹੈ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਅਤੇ ਆਸ-ਪਾਸ ਦੇ ਲੋਕ ਇੱਸ ਪਵਿੱਤਰ ਅਸਥਾਨ ’ਤੇ ਇੱਕਠੇ ਹੋਣੇ ਸ਼ੁਰੂ ਹੋ ਗਏ। ਘਟਨਾਂ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਚ.ਓ. ਸਮਰਾਲਾ ਪ੍ਰਕਾਸ਼ ਮਸੀਹ ਵੀ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੰਚੇ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਲਈ ਹੈ।
ਉੱਥੇ ਇੱਕਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦਰਗਾਹ ਦੀ ਪੂਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ ਅਤੇ ਸਾਰੇ ਧਰਮਾਂ ਦੇ ਲੋਕ ਇਥੇ ਸੇਵਾ ਅਤੇ ਨਤਮਸਤਕ ਹੋਣ ਲਈ ਆਉਂਦੇ ਹਨ। ਕਈ ਦਹਾਕਿਆਂ ਤੋਂ ਇਸ ਅਸਥਾਨ 'ਤੇ ਹਿੰਦੂ ਧਰਮ ਨਾਲ ਸੰਬੰਧਤ ਭਗਵਾਨ ਸ਼੍ਰੀ ਹਨੂੰਮਾਨ ਜੀ ਅਤੇ ਬਾਬਾ ਭੈਰੋ ਨਾਥ ਜੀ ਦੀਆਂ ਵੱਡੀਆਂ ਮੂਰਤੀਆਂ ਨੂੰ ਸਥਾਪਿਤ ਕੀਤਾ ਹੋਇਆ ਹੈ ਅਤੇ ਹਰ ਰੋਜ ਇਨ੍ਹਾਂ ਦੀ ਅਰਾਧਨਾ ਵੀ ਹੁੰਦੀ ਹੈ। ਇਸ ਅਸਥਾਨ ਦੀ ਦੇਖ-ਰੇਖ ਲਈ ਪਿੰਡ ਵਾਸੀਆਂ ਦੀ ਕਮੇਟੀ ਬਣੀ ਹੋਈ ਹੈ ਅਤੇ ਹਰ ਸਾਲ ਇੱਥੇ ਸ਼ਰਧਾਲੂਆਂ ਦਾ ਵੱਡਾ ਮੇਲਾ ਵੀ ਜੁਟਦਾ ਹੈ। ਅੱਜ ਸਵੇਰੇ 5 ਵਜੇ ਜਦੋਂ ਕੁਝ ਸੇਵਾਦਾਰ ਇਸ ਅਸਥਾਨ 'ਤੇ ਹਰ ਰੋਜ਼ ਦੀ ਤਰ੍ਹਾਂ ਸੇਵਾ ਲਈ ਪੁੱਜੇ ਤਾਂ ਇਹ ਬੇਅਦਬੀ ਦੀ ਘਟਨਾ ਸਾਹਮਣੇ ਆਈ।

ਓਧਰ ਪੁਲਸ ਪ੍ਰਸਾਸ਼ਨ ਇਸ ਮਾਮਲੇ 'ਚ ਸ਼ਰਾਰਤੀ ਅਨਸਰਾਂ ਬਾਰੇ ਪਤਾ ਲਗਾਉਣ 'ਚ ਜੁੱਟ ਗਿਆ ਹੈ। ਇਲਾਕੇ 'ਚ ਵਾਪਰੀ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਦੀ ਘੋਰ ਨਿੰਦਾ ਕਰਦੇ ਹੋਏ ਇਸ ਘਟਨਾ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਤੋੜਣ ਦੀ ਇਕ ਚਾਲ ਦੱਸਿਆ ਹੈ।


author

Bharat Thapa

Content Editor

Related News