ਪੁਲਸ ਨੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼, ਭਾਰੀ ਮਾਤਰਾ ''ਚ ਅਸਲਾ ਬਰਾਮਦ
05/27/2023 4:23:15 PM

ਦੋਰਾਹਾ (ਵਿਨਾਇਕ) : ਖੰਨਾ ਜ਼ਿਲ੍ਹਾ ਪੁਲਸ ਨੇ ਅਸਲਾ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਦੋਰਾਹਾ ਦੇ ਬੱਸ ਸਟੈਂਡ ਤੋਂ 315 ਬੋਰ ਦੇ 5 ਦੇਸੀ ਕੱਟਿਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬਾਅਦ ’ਚ ਕਥਿਤ ਮੁਲਜ਼ਮ ਦੀ ਪਛਾਣ ਦਿਵੇਸ਼ ਪੁੱਤਰ ਜੀਤ ਸਿੰਘ ਵਾਸੀ ਬੇਰੀ, ਜ਼ਿਲ੍ਹਾ ਝੱਜਰ (ਹਰਿਆਣਾ) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਅਮਨੀਤ ਕੌਂਡਲ ਆਈ. ਪੀ. ਐੱਸ., ਐੱਸ. ਐੱਸ. ਪੀ. ਖੰਨਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਧੀਨ ਡਾ. ਪ੍ਰਗਿਆ ਜੈਨ ਪੁਲਸ ਕਪਤਾਨ (ਆਈ) ਖੰਨਾ ਦੀ ਦੇਖ-ਰੇਖ ਹੇਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਖੰਨਾ ਵੱਲੋਂ ਪੁਲਸ ਪਾਰਟੀ ਸਮੇਤ ਦੋਰਾਹਾ ਪੁਲ ਹੇਠ ਕੱਦੋ ਚੌਂਕ ਵਿਖੇ ਮੌਜੂਦ ਹੋ ਕੇ ਸ਼ੱਕੀ ਪੁਰਸ਼ਾ ਅਤੇ ਵਾਹਨਾ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮੁਜ਼ਰਮ ਦਿਵੇਸ਼, ਜਿਸਦੇ ਗੈਂਗਸਟਰਾਂ ਨਾਲ ਵੀ ਸਬੰਧ ਹਨ, ਵੱਡੀ ਮਾਤਰਾ ਨਾਜਾਇਜ਼ ਹਥਿਆਰਾਂ ਸਮੇਤ ਬੱਸ ਅੱਡਾ ਜੀ.ਟੀ. ਦੋਰਾਹਾ ਵਿਖੇ ਸੜਕ ‘ਤੇ ਸ਼ੱਕੀ ਹਾਲਤ ’ਚ ਖੜ੍ਹਾ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ 'ਚ ਗੈਰ-ਕਾਨੂੰਨੀ ਹਥਿਆਰ ਉਸਦੇ ਕਬਜ਼ੇ ’ਚੋਂ ਬਰਾਮਦ ਹੋ ਸਕਦੇ ਹਨ। ਇਸ ਸੂਚਨਾਂ ਦੇ ਆਧਾਰ ‘ਤੇ ਇੰਸਪੈਕਟਰ ਅਮਨਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਤੁਰੰਤ ਛਾਪੇਮਾਰੀ ਕਰਦੇ ਹੋਏ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰਕੇ ਉਸਦੇ ਫੜੇ ਹੋਏ ਬੈਗ ’ਚੋਂ 315 ਬੋਰ ਦੇ 5 ਦੇਸੀ ਕੱਟੇ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਦਿਵੇਸ਼ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਖ਼ਿਲਾਫ਼ਥਾਣਾ ਦੋਰਾਹਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਾਰਿਸ਼ ਕਾਰਨ ਛੁੱਟੀ ਹੋਣ ’ਤੇ ਦਿਨ ’ਚ ਸ਼ਰਾਬ ਪੀਣ ਚਲੇ ਗਏ 3 ਦੋਸਤ, ਦੇਰ ਰਾਤ 2 ਨੇ ਤੋੜਿਆ ਦਮ
ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਿਵੇਸ਼ ਦੇ ਬਾਹਰੀ ਜ਼ਿਲ੍ਹਿਆਂ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ, ਜਿਨ੍ਹਾਂ ਨਾਲ ਮਿਲ ਕੇ ਉਹ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਪੁਲਸ ਵੱਲੋਂ ਇਸ ਗਿਰੋਹ ਦੇ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਹਥਿਆਰ ਮਿਲਣ ਦੀ ਸੰਭਾਵਨਾ ਹੈ। ਐੱਸ. ਐੱਸ. ਪੀ. ਖੰਨਾ ਮੈਡਮ ਅਮਨੀਤ ਕੌਂਡਲ ਆਈ. ਪੀ. ਐੱਸ. ਨੇ ਅੱਗੇ ਦੱਸਿਆ ਕਿ ਖੰਨਾ ਜ਼ਿਲ੍ਹਾ ਪੁਲਸ ਨੇ 1 ਜਨਵਰੀ 2023 ਤੋਂ ਹੁਣ ਤੱਕ ਹਥਿਆਰਾਂ ਦੀ ਤਸਕਰੀ ਦੇ 13 ਕੇਸ ਦਰਜ ਕਰਕੇ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 45 ਹਥਿਆਰ ਅਤੇ 115 ਕਾਰਤੂਸ ਅਤੇ 33 ਮੈਗਜ਼ੀਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ’ਚ ਨਿਲਾਮੀ ਜਾਰੀ, ਨਿਊਜਰਸੀ ’ਚ 1.17 ਕਰੋੜ ’ਚ ਵਿਕੀਆਂ 9 ਆਈਟਮਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani