ਬੀਬਾ ਬਾਦਲ ਦੀ ਗ੍ਰਿਫਤਾਰੀ 'ਤੇ ਅਕਾਲੀ ਵਰਕਰਾਂ ਨੇ ਦਿਖਾਏ ਤਿੱਖੇ ਤੇਵਰ

10/02/2020 3:26:29 PM

ਮਾਨਸਾ/ਬੁਢਲਾਡਾ(ਮਿੱਤਲ/ਮਨਜੀਤ)-ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਤਿੰਨੇ ਪਵਿੱਤਰ ਤਖਤਾਂ ਤੋਂ ਆਰੰਭ ਹੋਏ ਕਿਸਾਨੀ ਮਾਰਚ ਨੂੰ ਜੀਰਕਪੁਰ ਚੰਡੀਗੜ੍ਹ ਦੀ ਹੱਦ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲਸ ਨੇ ਸ਼ਾਤਮਈ ਰੋਸ ਮਾਰਚ ਤੇ ਲਾਠੀਚਾਰਜ ਕਰਕੇ ਅਕਾਲੀ ਵਰਕਰਾਂ ਦੀ ਅਵਾਜ ਦਬਾਉਣ ਦੇ ਯਤਨ ਕੀਤੇ। ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨਾਲ ਗਲਤ ਵਿਵਹਾਰ ਕਰਕੇ ਕੀਤੀ ਗਈ ਗ੍ਰਿਫਤਾਰੀ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, 
ਉਨੀ ਹੀ ਥੋੜ੍ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ ਅਤੇ ਰਘੁਵੀਰ ਸਿੰਘ ਮਾਨਸਾ ਜਰਨਲ ਸਕੱਤਰ ਮਾਲਵਾ ਜੋਨ ਯੂਥ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਰਚ ਸਮੁੱਚੇ ਪੰਜਾਬ ਦੇ ਹਿੱਤਾਂ ਲਈ ਕੱਢਿਆ ਗਿਆ ਸੀ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਲਾਠੀਆਂ, ਡਾਗਾਂ ਅਤੇ ਪਾਣੀ ਦੀ ਬੋਛਾੜਾਂ ਨਾਲ ਪਾਰਟੀ ਵਰਕਰਾਂ ਅਤੇ ਕਿਸਾਨਾਂ ਨੂੰ ਫੱਟੜ ਕਰਕੇ ਜ਼ਖਮ ਝੋਲੀ 'ਚ ਪਾ ਕੇ ਤੋਰੇ ਹਨ। ਪਰ ਪੰਜਾਬ ਦੇ ਲੋਕ ਬਹਾਦਰ ਅਤੇ ਸੰਘਰਸ਼ੀ ਹੋਣ ਕਾਰਨ ਆਪਣੇ ਹੱਕ ਦਿੱਲੀ ਸਰਕਾਰ ਤੋਂ ਹਿੱਕ ਦੇ ਜ਼ੋਰ 'ਤੇ ਲੈਣਗੇ। ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਿਆਂ ਨਾਲ ਧੱਕਾ ਕਰਨ ਦੀ ਬਜਾਏ ਉਨ੍ਹਾਂ ਨੂੰ ਇਨਸਾਫ ਦੇਣ ਵੱਲ ਤੁਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਯੂਥ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਯੂਥ ਆਗੂ ਰਮਨਦੀਪ ਸਿੰਘ ਗੁੜੱਦੀ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਸ਼ਾਮ ਲਾਲ ਧਲੇਵਾਂ ਸੀਨੀਅਰ ਅਕਾਲੀ ਆਗੂ, ਕਾਲਾ 
ਕੁਲਰੀਆਂ, ਰਘੁਵੀਰ ਸਿੰਘ ਚਹਿਲ, ਤਨਜੋਤ ਸਾਹਨੀ, ਜਸਵਿੰਦਰ ਸਿੰਘ ਚਕੇਰੀਆਂ, ਹਰਵਿੰਦਰ ਸਿੰਘ ਧਲੇਵਾਂ, ਗੋਲਡੀ ਗਾਂਧੀ ਨੇ ਵੀ ਕਰੜੇ ਸ਼ਬਦਾਂ 'ਚ ਚੰਡੀਗੜ੍ਹ ਪੁਲਸ ਦੀ ਨਿਖੇਧੀ ਕੀਤੀ।  


Aarti dhillon

Content Editor

Related News