ਇਟਲੀ ਭੇਜਣ ਦਾ ਝਾਂਸਾ ਦੇ ਏਜੰਟ ਨੇ ਠੱਗੇ 11.50 ਲੱਖ ਰੁਪਏ

06/19/2022 6:07:47 PM

ਮੋਗਾ(ਆਜ਼ਾਦ) : ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਧਰਮਕੋਟ ਨਿਵਾਸੀ ਜੋਗਿੰਦਰ ਸਿੰਘ ਦੇ ਬੇਟੇ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ ਕੁਝ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰ ਕੇ 11.50 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਜਾਂਚ ਤੋਂ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਸੁਖਵਿੰਦਰ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ’ਤੇ ਠੂਠਗੜ੍ਹ ਨਿਵਾਸੀ ਸਾਡੇ ਕੁਝ ਰਿਸ਼ਤੇਦਾਰਾਂ ਰਾਹੀਂ ਟਰੈਵਲ ਏਜੰਟ ਸੁਰਜੀਤ ਸਿੰਘ ਨਿਵਾਸੀ ਪਿੰਡ ਕਟਾਣਾ ਫਿਲੌਰ ਨਾਲ ਗੱਲਬਾਤ ਹੋਈ ਤਾਂ ਉਸਨੇ ਕਿਹਾ ਕਿ ਉਹ ਸੁਖਵਿੰਦਰ ਸਿੰਘ ਨੂੰ ਇਟਲੀ ਭੇਜ ਦੇਵੇਗਾ, ਜਿਸ ’ਤੇ 13 ਲੱਖ ਰੁਪਏ ਖਰਚਾ ਆਵੇਗਾ, ਜਿਸ ’ਤੇ ਅਸੀਂ ਉਸਨੂੰ ਪੈਸੇ ਦੇਣ ਦੇ ਇਲਾਵਾ ਸਾਰੇ ਦਸਤਾਵੇਜ਼ ਦੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਕਤ ਏਜੰਟ ਨੇ ਉਨ੍ਹਾਂ ਮੁੰਡੇ ਨੂੰ ਇਟਲੀ ਦੀ ਬਜਾਏ ਦੁਬੱਈ ਭੇਜ ਦਿੱਤਾ ਅਤੇ ਕਿਹਾ ਕਿ ਉਥੋਂ ਅੱਗੇ ਉਹ ਉਸ ਨੂੰ ਇਟਲੀ ਭੇਜ ਦੇਵੇਗਾ ਪਰ 11 ਦਿਨਾਂ ਤੱਕ ਧੱਕੇ ਖਾਣ ਤੋਂ ਬਾਅਦ ਜਦੋਂ ਕਿਸੇ ਨੇ ਉਨ੍ਹਾਂ ਦੇ ਬੇਟੇ ਦੀ ਸਾਰ ਨਾ ਲਈ ਤਾਂ ਉਹ ਵਾਪਸ ਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ 3 ਮਹੀਨਿਆਂ ਦੇ ਕਾਰਜਕਾਲ 'ਚ ਹੀ ਫਲਾਪ ਸਾਬਤ ਹੋਈ 'ਆਪ' ਸਰਕਾਰ : ਰਾਜਾ ਵੜਿੰਗ

ਇਸ ਉਪਰੰਤ ਟਰੈਵਲ ਏਜੰਟ ਨੇ ਉਸ ਨੂੰ ਉਜਬੈਕਸਤਾਨ ਭੇਜ ਦਿੱਤਾ ਅਤੇ ਕਿਹਾ ਕਿ ਕੁਝ ਸਮੇਂ ਬਾਅਦ ਹੀ ਇਟਲੀ ਭੇਜ ਦਿੱਤਾ ਜਾਵੇਗਾ ਪਰ ਉੱਥੇ ਕਰੀਬ 7 ਮਹੀਨੇ ਰਹਿਣ ਦੇ ਬਾਅਦ ਵੀ ਏਜੰਟ ਨੇ ਉਸ ਨੂੰ ਇਟਲੀ ਨਹੀਂ ਭੇਜਿਆ। ਇਸ ਦੌਰਾਨ ਸੁਖਵਿੰਦਰ ਕੋਲ ਖਰਚ ਹੋ ਗਿਆ ਸੀ ਜਿਸ ਕਾਰਨ ਉਸ ਦੇ ਪਿਤਾ ਉਸ ਨੂੰ ਖਰਚਾ ਭੇਜਦਾ ਰਿਹਾ ਹਨ । ਸ਼ਿਕਾਇਤ ਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਅਤੇ ਟਰੈਕਟਰ ’ਤੇ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਸਨ। ਇਸ ਤੋਂ ਇਲਾਵਾ ਏਜੰਟ ਨੇ ਨਾ ਤਾਂ ਉਨ੍ਹਾਂ ਦੇ ਮੁੰਡੇ ਨੂੰ ਇਟਲੀ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਸੁਖਵਿੰਦਰ ਦੇ ਪਿਤਾ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਗਰੀਬ ਵਿਅਕਤੀ ਹਾਂ, ਮੇਰੇ ਪੈਸੇ ਵਾਪਸ ਕਰਵਾਏ ਜਾਣ, ਸਾਡੇ ਨਾਲ ਧੋਖਾ ਹੋਇਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਪੈਸ਼ਲ ਸੈੱਲ ਮੋਗਾ ਵੱਲੋਂ ਕੀਤੀ ਗਈ। ਜਾਂਚ ਉਪਰੰਤ ਕਾਨੂੰਨੀ ਰਾਇ ਹਾਸਲ ਕਰ ਕੇ ਥਾਣਾ ਧਰਮਕੋਟ ਵਿਚ ਟਰੈਵਲ ਏਜੰਟ ਸੁਰਜੀਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News