ਵਿਸ਼ਾਲ ਨਗਰ ਕੀਰਤਨ ਉਪਰੰਤ ਮਾਘੀ ਮੇਲਾ ਰਸਮੀ ਤੌਰ ’ਤੇ ਹੋਇਆ ਸਮਾਪਤ

Monday, Jan 15, 2024 - 02:08 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - 40 ਮੁਕਤਿਆਂ ਦੀ ਪਵਿੱਤਰ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਇਤਿਹਾਸਕ ਮਾਘੀ ਮੇਲਾ ਅੱਜ ਰਵਾਇਤੀ ਨਗਰ ਕੀਰਤਨ ਉਪਰੰਤ ਰਸਮੀ ਤੌਰ ’ਤੇ ਸਮਾਪਤ ਹੋ ਗਿਆ। ਇਸ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੂੰ 4 ਤੋਂ ਸ਼ੁਰੂ ਹੋਇਆ ਇਹ ਮਹਾਨ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚੋਂ ਗੁਜ਼ਰਿਆ, ਜਿੱਥੇ ਸੰਗਤਾਂ ਨੇ ਸਵਾਗਤ ਲਈ ਵਿਸੇਸ ਪ੍ਰਬੰਧ ਕੀਤੇ ਹੋਏ ਸਨ। 

PunjabKesari

ਇਸ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਮੌਕੇ ਹੈਡ ਗ੍ਰੰਥੀ ਬਲਵਿੰਦਰ ਸਿੰਘ ਨੇ ਅਰਦਾਸ ਬੇਨਤੀ ਕੀਤੀ। ਜਿਸ ਤੋਂ ਬਾਅਦ ਨਗਰ ਕੀਰਤਨ ਰਵਾਨਾ ਹੋਇਆ। ਇਸੇ ਦੌਰਾਨ ਰਾਗੀ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਵਾਹਿਗੁਰੂ ਨਾਮ ਨਾਲ ਜੋੜਿਆ। ਨਗਰ ਕੀਰਤਨ ਦੌਰਾਨ ਜਿੱਥੇ ਬਠਿੰਡਾ ਦੇ ਫਤਿਹ ਆਰਮੀ ਬੈਂਡ ਨੇ ਸੁੰਦਰ ਧਾਰਮਿਕ ਧੁਨਾਂ ਵਜਾਈਆਂ ਉੱਥੇ ਹੀ ਗੁਰਦੁਆਰਾ ਖੂਹ ਸਾਹਿਬ ਦੇ ਨੌਜਵਾਨਾਂ ਨੇ ਗੱਤਕੇ ਦੇ ਜੌਹਰ ਵਿਖਾਏ। ਇਸ ਦੌਰਾਨ ਸੰਗਤਾਂ ਸਤਿਨਾਮ‑ਵਹਿਗੁਰੂ ਦਾ ਜਾਪ ਕਰਦੀਆਂ ਨਗਰ ਕੀਰਤਨ ਵਾਲੇ ਰਸਤੇ ਨੂੰ ਸਾਫ਼ ਕਰਦੀਆਂ ਚੱਲ ਰਹੀਆਂ ਸਨ। 

PunjabKesari

ਨਗਰ ਕੀਰਤਨ ਦੌਰਾਨ ਗੁਰਨਾਮ ਸਿੰਘ ਮੀਤ ਸਕੱਤਰ, ਜਗਦੀਸ਼ ਸਿੰਘ ਚੀਫ, ਸ੍ਰੀ ਦਰਬਾਰ ਸਾਹਬ ਦੇ ਮੈਨੇਜਰ ਭਾਈ ਰੇਸ਼ਮ ਸਿੰਘ, ਸੁਖਦੇਵ ਸੰਘ ਮੀਤ ਮੈਨੇਜਰ, ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ, ਸਾਬਕਾ ਡੀ. ਟੀ. ਓ. ਗੁਰਚਰਨ ਸਿੰਘ ਸੰਧੂ, ਲਖਵਿੰਦਰ ਸਿੰਘ, ਚਾਨਣ ਸਿੰਘ ਅਤੇ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ। 

PunjabKesari

ਉਧਰ ਨਗਰ ਕੀਰਤਨ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਬਜਾਰਾਂ ਵਿੱਚ ਵਿਸ਼ਾਲ ਲੰਗਰ ਲਗਾਏ ਗਏ। ਸਥਾਨਕ ਰੇਲਵੇ ਰੋਡ ਅਤੇ ਉਦਯੋਗਪਤੀ ਰਾਜਨ ਸੇਤੀਆ ਪਰਿਵਾਰ ਵੱਲੋਂ ਦਾਲ-ਫੁਲਕਾ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਨਗਰ ਕੀਰਤਨ ਨਾਲ ਮੇਲਾ ਮਾਘੀ ਭਾਵੇਂ ਰਸਮੀ ਤੌਰ ’ਤੇ ਸਮਾਪਤ ਹੋ ਗਿਆ ਪਰ ਮੇਲਾ ਮਾਘੀ ਸਬੰਧੀ ਲੱਗੇ ਬਜ਼ਾਰਾਂ ’ਚ ਖਰੀਦੋ ਫਰੋਖਤ ਅਜੇ ਕਈ ਦਿਨਾਂ ਤੱਕ ਚੱਲਦੀ ਰਹੇਗੀ। 

PunjabKesari

PunjabKesari

 


Anuradha

Content Editor

Related News