ਅੰਮ੍ਰਿਤਸਰ ''ਚ ਨਗਰ ਨਿਗਮ ਲਈ ਵੋਟਿੰਗ ਸ਼ੁਰੂ, ਬੂਥ ਨੰਬਰ 2 ''ਤੇ EVM ਖ਼ਰਾਬ

Saturday, Dec 21, 2024 - 08:15 AM (IST)

ਅੰਮ੍ਰਿਤਸਰ ''ਚ ਨਗਰ ਨਿਗਮ ਲਈ ਵੋਟਿੰਗ ਸ਼ੁਰੂ, ਬੂਥ ਨੰਬਰ 2 ''ਤੇ EVM ਖ਼ਰਾਬ

ਅੰਮ੍ਰਿਤਸਰ (ਰਮਨ, ਨੀਰਜ)-ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਵੋਟਾਂ ਪੈਣ ਜਾ ਰਹੀਆਂ ਹਨ ਅਤੇ ਜ਼ਿਲ੍ਹੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 589 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ। ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਿੱਚ ਵੋਟਿੰਗ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਹੋਵੇਗੀ ਅਤੇ ਵੋਟਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੇਰ ਰਾਤ ਤਕ ਚੋਣ ਨਤੀਜੇ ਸਾਹਮਣੇ ਆ ਜਾਣਗੇ। ਲੋਕ ਲੰਮੇ ਸਮੇਂ ਤੋਂ ਇਨ੍ਹਾਂ ਚੋਣਾਂ ਦੀ ਉਡੀਕ ਕਰ ਰਹੇ ਸਨ। ਦੇਖਣਾ ਇਹ ਹੋਵੇਗਾ ਕਿ ਜਿਤ ਦਾ ਤਾਜ ਕਿਸ ਦੇ ਸਿਰ 'ਤੇ ਸਜਦਾ ਹੈ। ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਜਿਵੇਂ ਹੀ  ਸਵੇਰੇ ਵੋਟਿੰਗ ਸ਼ੁਰੂ ਹੋਈ ਤਾਂ ਕਈ ਥਾਵਾਂ 'ਤੇ ਈ. ਵੀ. ਐੱਮ ਮਸ਼ੀਨ 'ਚ ਤਕਨੀਕੀ ਖ਼ਰਾਬੀ ਆ ਗਈ।

ਨਿਗਮ ਦੀਆਂ 85 ਵਾਰਡਾਂ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਵਾਰਡਾਂ ਲਈ 8.41 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਦੂਜੇ ਪਾਸੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਹੇਠ ਸਾਰੇ ਬੂਥਾਂ ’ਤੇ ਪੋਲਿੰਗ ਪਾਰਟੀਆਂ ਭੇਜੀਆਂ ਗਈਆਂ ਅਤੇ ਪੋਲਿੰਗ ਪਾਰਟੀਆਂ ਨੇ ਵੀ ਆਪੋ-ਆਪਣੇ ਬੂਥਾਂ ਦੀ ਕਮਾਨ ਸੰਭਾਲ ਲਈ ਹੈ। ਪੋਲਿੰਗ ਬੂਥਾਂ ਦੀ ਗੱਲ ਕਰੀਏ ਤਾਂ 841 ਬੂਥਾਂ ਵਿੱਚੋਂ 245 ਬੂਥਾਂ ਨੂੰ ਅਤਿ-ਸੰਵੇਦਨਸ਼ੀਲ ਅਤੇ 307 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਾਰਡ ਨੰਬਰ 16 ਦੇ ਪੋਲਿੰਗ ਬੂਥ 1, 2 ਅਤੇ 3 ਦਾ ਪੁਰਾਣਾ ਪੋਲਿੰਗ ਸਟੇਸ਼ਨ ਨੂੰ ਬਦਲ ਕੇ ਨਵੇਂ ਗਾਂਧੀ ਮੈਮੋਰੀਅਲ ਹਾਈ ਸਕੂਲ ਜਗਦੰਬੇ ਕਾਲੋਨੀ ਮਜੀਠਾ ਰੋਡ ਵਿਖੇ ਅਤੇ ਵਾਰਡ ਨੰਬਰ 5 ਦੇ ਪੋਲਿੰਗ ਬੂਥ ਨੰਬਰ 7, 8, 9 ਅਤੇ 10 ਦਾ ਜੋ ਕਿ ਪਹਿਲਾਂ ਪੀ. ਬੀ. ਐੱਨ ਹਾਈ ਸਕੂਲ ਦਯਾਨੰਦ ਨਗਰ ਵਿਖੇ ਸੀ, ਨੂੰ ਬਦਲ ਕੇ ਪੁਲਸ ਡੀ. ਏ. ਵੀ. ਪਬਲਿਕ ਸਕੂਲ ਪੁਲਸ ਲਾਈਨ, ਵਾਰਡ ਨੰਬਰ 9 ਦੇ ਪੋਲਿੰਗ ਬੂਥ ਨੰਬਰ 3 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਗੰਡਾ ਸਿੰਘ ਵਾਲਾ, ਵਾਰਡ ਨੰਬਰ 12 ਦੇ ਪੋਲਿੰਗ ਬੂਥ ਨੰਬਰ 3 ਅਤੇ 4ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤੁੰਗਬਾਲਾ ਤੋਂ ਬਦਲ ਕੇ ਸਰਕਾਰੀ ਹਾਈ ਸਕੂਲ ਤੁੰਗਬਾਲਾ, ਵਾਰਡ ਨੰਬਰ 45 ਦੇ ਪੋਲਿੰਗ ਬੂਥ ਨੰਬਰ 6,7 ਅਤੇ 8 ਨੂੰ ਸ਼ਕਤੀ ਮਾਡਲ ਸਕੂਲ ਸ਼ਰਮਾ ਕਾਲੋਨੀ ਨੂੰ ਬਦਲ ਕੇ ਗੁਰੂਕੁਲ ਪਬਲਿਕ ਸਕੂਲ, ਗੁਰੂ ਨਾਨਕ ਕਾਲੋਨੀ ਗਲੀ ਨੰਬਰ-2, ਵਾਰਡ ਨੰਬਰ 82 ਦੇ ਪੋਲਿੰਗ ਬੂਥ ਨੰਬਰ 1,2 ਅਤੇ 3 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂਪੁਰ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਕਾਲਾ, ਵਾਰਡ ਨੰਬਰ 82 ਦੇ ਪੋਲਿੰਗ ਬੂਥ ਨੰਬਰ 4 ਨੂੰ ਸਪਰਿੰਗ ਸਟੱਡੀ ਸਕੂਲ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ, ਵਾਰਡ ਨੰਬਰ 86 ਦੇ ਪੋਲਿੰਗ ਬੂਥ ਨੰਬਰ 6 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂੰਪੁਰ ਨੂੰ ਬਦਲ ਕੇ ਸਪਰਿੰਗ ਸਟੱਡੀ ਸਕੂਲ ਸ਼ੇਰਸ਼ਾਹ ਸੂਰੀ ਰੋਡ ਅਤੇ ਵਾਰਡ ਨੰਬਰ 82 ਦੇ ਹੀ ਪੋਲਿੰਗ ਬੂਥ 7 ਅਤੇ 8 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਣੂਪੁਰ ਤੋਂ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਅੰਮ੍ਰਿਤਸਰ, ਵਾਰਡ ਨੰਬਰ 56 ਦੇ ਪੋਲਿੰਗ ਬੂਥ ਨੰਬਰ 1 ਨੂੰ ਪੂਜਿਆ ਸ੍ਰੀ ਸੋਹਨ ਲਾਲ ਜੈਨ ਸੀਨੀਅਰ ਸੈਕੰਡਰੀ ਸਕੂਲ ਤੋਂ ਬਦਲ ਕੇ ਐੱਸ. ਜੀ. ਆਰ. ਡੀ. ਕਿਡਜ਼ ਕੇਸ਼ਲ ਪਬਲਿਕ ਸਕੂਲ ਟਾਊਨ ਹਾਲ ਅਤੇ ਵਾਰਡ ਨੰਬਰ 58 ਦੇ ਪੋਲਿੰਗ ਬੂਥ ਨੰਬਰ 8 ਨੂੰ ਪੂਜਿਆ ਸੋਹਨ ਲਾਲ ਜੈਨ ਸੀਨੀਅਰ ਸੈਕੰਡਰੀ ਸਕੂਲ ਤੋਂ ਬਦਲ ਕੇ ਐੱਸ. ਜੀ. ਆਰ. ਡੀ. ਕਿਡਜ਼ ਕੇਸ਼ਲ ਪਬਲਿਕ ਸਕੂਲ ਟਾਊਨ ਹਾਲ ਵਿਖੇ ਬਦਲ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਵਿਖੇ ਵਾਰਡ ਨੰਬਰ 1 ਦੇ ਪੋਲਿੰਗ ਬੂਥ ਨੰਬਰ 1 ਅਤੇ ਵਾਰਡ ਨੰਬਰ 2 ਦੇ ਪੋਲਿੰਗ ਬੂਥ ਨੰਬਰ 2 ਜੋ ਕਿ ਪਹਿਲਾਂ ਖੇਤੀਬਾੜੀ ਦਫ਼ਤਰ ਬਾਬਾ ਬਕਾਲਾ ਸਾਹਿਬ ਵਿਖੇ ਸੀ, ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਅਤੇ ਵਾਰਡ ਨੰਬਰ 3 ਦੇ ਪੋਲਿੰਗ ਬੂਥ ਨੰਬਰ 3 ਦੇ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਤੋਂ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸੱਜਾ ਪਾਸਾ ਅਤੇ ਵਾਰਡ ਨੰਬਰ 12 ਦੇ ਪੋਲਿੰਗ ਬੂਥ ਨੰਬਰ 12 ਜੋ ਕਿ ਪਹਿਲਾਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸੀ, ਨੂੰ ਹੁਣ ਬਦਲ ਕੇ ਸੰਤ ਮਾਝਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਫੀਲਡ ਵਿਚ ਰਹੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ : ਅਬਜਰਵਰ

ਚੋਣ ਕਮਿਸ਼ਨ ਵੱਲੋਂ ਨਿਗਮ ਚੋਣਾਂ ਲਈ ਤਾਇਨਾਤ ਕੀਤੇ ਗਏ ਆਬਜ਼ਰਵਰ ਘਣਸ਼ਿਆਮ ਥੋਰੀ ਅਤੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਤਾਇਨਾਤ ਹਰਗੁਣਜੀਤ ਕੌਰ ਨੇ ਵੀ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜ਼ਿਲਾ ਚੋਣ ਅਫ਼ਸਰ ਅਤੇ ਡੀ. ਸੀ ਸਾਕਸ਼ੀ ਸਾਹਨੀ, ਐੱਸ. ਐੱਸ. ਪੀ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਹਦਾਇਤ ਕੀਤੀ ਗਈ ਕਿ ਸਾਰੇ ਸੀਨੀਅਰ ਅਧਿਕਾਰੀ ਵੋਟਾਂ ਵਾਲੇ ਦਿਨ ਫੀਲਡ ਵਿੱਚ ਮੌਜੂਦ ਰਹਿਣ ਅਤੇ ਵੋਟਰਾਂ ਨੂੰ ਪੋਲਿੰਗ ਬੂਥਾਂ ’ਤੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਅਬਜ਼ਰਵਰਾਂ ਨੂੰ ਦੱਸਿਆ ਕਿ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲਸ ਬਲ ਅਤੇ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਕਰੀਬ ਛੇ ਹਜ਼ਾਰ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।


author

Shivani Bassan

Content Editor

Related News