ਜਲੰਧਰ ਨਗਰ ਨਿਗਮ ਚੋਣਾਂ ਭਲਕੇ, 731 ਪੋਲਿੰਗ ਬੂਥਾਂ ’ਤੇ ਹੋਵੇਗੀ ਵੋਟਿੰਗ
Friday, Dec 20, 2024 - 03:15 PM (IST)
ਜਲੰਧਰ (ਚੋਪੜਾ)– ਜਲੰਧਰ ਵਿਚ ਭਲਕੇ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 21 ਦਸੰਬਰ ਨੂੰ ਨਗਰ ਨਿਗਮ, ਨਗਰ ਪ੍ਰੀਸ਼ਦ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਅਤੇ ਜ਼ਿਮਨੀ ਚੋਣਾਂ ਲਈ 731 ਪੋਲਿੰਗ ਕੇਂਦਰ ਬਣਾਏ ਗਏ ਹਨ, ਜਿੱਥੇ ਜ਼ਿਲ੍ਹੇ ਨਾਲ ਸਬੰਧਤ 139 ਵਾਰਡਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇਗੀ। ਡਾ. ਹਿਮਾਂਸ਼ੂ ਬੀਤੇ ਦਿਨ ਸਥਾਨਕ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਮੀਟਿੰਗ ਦੌਰਾਨ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਦੇ 85 ਵਾਰਡਾਂ ਲਈ 677 ਪੋਲਿੰਗ ਕੇਂਦਰ ਬਣਾਏ ਗਏ ਹਨ, ਜਦਕਿ ਨਗਰ ਕੌਂਸਲ ਭੋਗਪੁਰ ਅਤੇ ਗੋਰਾਇਆ, ਨਗਰ ਪੰਚਾਇਤ ਬਿਲਗਾ ਅਤੇ ਸ਼ਾਹਕੋਟ ਲਈ 13-13 ਅਤੇ ਨਗਰ ਕੌਂਸਲ ਫਿਲੌਰ ਦੇ ਵਾਰਡ ਨੰਬਰ 13 ਅਤੇ ਨਗਰ ਪੰਚਾਇਤ ਮਹਿਤਪੁਰ ਦੇ ਵਾਰਡ ਨੰਬਰ 54 ਚੋਣ ਲਈ ਪੋਲਿੰਗ ਕੇਂਦਰ ਬਣਾਏ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪੋਲਿੰਗ ਕੇਂਦਰਾਂ ’ਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣ ਤਾਂ ਕਿ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੂਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ, ਲਾਈਟਾਂ, ਫਰਨੀਚਰ, ਪੀਣ ਵਾਲੇ ਪਾਣੀ, ਪਖਾਨੇ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ 3 ਦਿਨ ਸਕੂਲ ਰਹਿਣਗੇ ਬੰਦ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਮੁਕੰਮਲ ਕਰਵਾਉਣ ਲਈ ਲੋੜੀਂਦੀ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ਸਮੇਤ ਹਰੇਕ ਵੋਟਿੰਗ ਸਥਾਨ ’ਤੇ ਪੂਰੀ ਨਿਗਰਾਨੀ ਰੱਖਣ ਦਾ ਵੀ ਨਿਰਦੇਸ਼ ਦਿੱਤਾ। ਡਿਪਟੀ ਕਮਿਸ਼ਨਰ ਨੇ ਚੋਣ ਕਰਮਚਾਰੀਆਂ ਦੇ ਖਾਣ-ਪੀਣ, ਰਿਹਾਇਸ਼, ਆਵਾਜਾਈ ਆਦਿ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਚੋਣਾਂ ਵਾਲੇ ਦਿਨ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਸਬੰਧੀ ਭੇਜੀ ਜਾਣ ਵਾਲੀ ਰਿਪੋਰਟ ਅਤੇ ਸੂਚਨਾ ਨਿਰਧਾਰਿਤ ਫਾਰਮੈਟ ਵਿਚ ਸਮੇਂ ਸਿਰ ਭੇਜੀ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਇਸ ਮੌਕੇ ਜੁਆਇੰਟ ਪੁਲਸ ਕਮਿਸ਼ਨਰ ਸੰਦੀਪ ਸ਼ਰਮਾ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਮਹਾਜਨ, ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਬੁੱਧੀਰਾਜ ਸਿੰਘ, ਏ. ਸੀ. ਏ. ਪੁੱਡਾ ਦਰਬਾਰਾ ਸਿੰਘ ਰੰਧਾਵਾ, ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਐੱਸ. ਡੀ. ਐੱਮ. ਨਕੋਦਰ ਲਾਲ ਵਿਸ਼ਵਾਸ, ਐੱਸ. ਡੀ. ਐੱਮ.-1 ਰਣਦੀਪ ਸਿੰਘ ਹੀਰ, ਐੱਸ. ਡੀ. ਐੱਮ. ਆਦਮਪੁਰ ਵਿਵੇਕ ਮੋਦੀ, ਐੱਸ. ਡੀ. ਐੱਮ. ਫਿਲੌਰ ਸ਼ੁਭੀ ਆਂਗਰਾ ਤੋਂ ਇਲਾਵਾ ਰਿਟਰਨਿੰਗ ਅਫ਼ਸਰ, ਸਿਵਲ ਅਤੇ ਜ਼ਿਲ੍ਹਾ ਪੁਲਸ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਇਕ ਹੋਰ ਮੰਦਭਾਗੀ ਖ਼ਬਰ, ਕਿਸਾਨ ਆਗੂ ਦੀ ਮੌਤ, ਮਿੰਟਾਂ 'ਚ ਪੈ ਗਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8