ਦਿੱਲੀ ਵਰਗੇ ਅਗਨੀਕਾਂਡ ਤੋਂ ਬਾਅਦ ਸੰਗਤ ਮੰਡੀ ’ਚ ਪ੍ਰਸ਼ਾਸਨ ਬੇਖ਼ਬਰ

12/10/2019 12:23:27 AM

ਸੰਗਤ ਮੰਡੀ, (ਮਨਜੀਤ)- ਪਿਛਲੇ ਦਿਨੀਂ ਦਿੱਲੀ ਦੇ ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਫੈਕਟਰੀ ’ਚ ਲੱਗੀ ਅੱਗ ਨੇ 43 ਵਿਅਕਤੀਆਂ ਨੂੰ ਜ਼ਿੰਦਾ ਸਾਡ਼ ਦਿੱਤਾ। ਅਜਿਹੀ ਘਟਨਾ ਮੁਡ਼ ਕਿਸੇ ਹੋਰ ਸ਼ਹਿਰ ’ਚ ਵੀ ਦੁਬਾਰਾ ਵਾਪਰਦੀ ਸਕਦੀ ਹੈ। ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸੰਗਤ ਮੰਡੀ ’ਚ ਜਦ ਗਰਾਊਂਡ ਲੈਵਲ ’ਤੇ ਜਾ ਕੇ ਵੇਖਿਆ ਗਿਆ ਤਾਂ ਇਥੇ ਵੀ ਸੰਭਾਵੀ ਘਟਨਾ ਨਾਲ ਨਜਿੱਠਣ ਲਈ ਕੋਈ ਇੰਤਜ਼ਾਮ ਨਹੀਂ ਹੈ। ਸੰਗਤ ਮੰਡੀ ਬਠਿੰਡਾ ਤੋਂ ਲਗਭਗ 20 ਕਿਲੋਮੀਟਰ ਦੂਰ ਹੈ। ਇਥੇ ਫਾਇਰ ਬ੍ਰਿਗੇਡ ਦੀ ਕੋਈ ਸਹੂਲਤ ਨਹੀਂ ਹੈ। ਮੰਡੀ ਬੇਸ਼ੱਕ ਛੋਟੀ ਹੈ ਪਰ ਇਥੇ 2 ਵੱਡੇ ਘਰਾਣਿਆਂ ਦੀਆਂ ਸ਼ਰਾਬ ਫੈਕਟਰੀ ਤੋਂ ਇਲਾਵਾ 2 ਕਾਟਨ ਫੈਕਟਰੀਆਂ ਵੀ ਹਨ। ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ। ਮੰਡੀ ਦਾ ਬਜ਼ਾਰ ਅਤੇ ਘਰਾਂ ਦੀਆਂ ਤੰਗ ਗਲੀਆਂ ਕਾਰਣ ਕਿਸੇ ਅਣਸੁਖਾਵੀਂ ਘਟਨਾ ਵਾਪਰਨ ’ਤੇ ਉਸ ਨੂੰ ਰੋਕਣ ਲਈ ਇਥੋਂ ਦੇ ਪ੍ਰਸ਼ਾਸਨ ਕੋਲ ਕੋਈ ਇੰਤਜ਼ਾਮ ਨਹੀਂ ਹੈ। ਸ਼ਰਾਬ ਫੈਕਟਰੀਆਂ ਬੇਸ਼ੱਕ ਮੰਡੀ ਤੋਂ ਬਾਹਰ ਹਨ ਪਰ ਕਾਟਨ ਫੈਕਟਰੀਆਂ ਮੰਡੀ ਅੰਦਰ ਹੀ ਹਨ। ਜੇਕਰ ਇਨ੍ਹਾਂ ਫੈਕਟਰੀਆਂ ’ਚ ਅਜਿਹੀ ਘਟਨਾ ਵਾਪਰਦੀ ਹੈ ਇਥੋਂ ਦੇ ਪ੍ਰਸ਼ਾਸਨ ਕੋਲ ਉਸ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਹੈ।

ਫਾਇਰ ਬ੍ਰਿਗੇਡ ਸਿਰਫ ਬਠਿੰਡਾ ਜਾਂ ਫਿਰ ਰਾਮਾ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਆਵੇਗੀ। ਉਸ ਸਮੇਂ ਤੱਕ ਵੱਡਾ ਨੁਕਸਾਨ ਹੋ ਜਾਵੇਗਾ। ਥੋਡ਼੍ਹਾ ਸਮਾਂ ਪਹਿਲਾਂ ਵੀ ਸੰਗਤ ਮੰਡੀ ਸਥਿਤ ਇਕ ਸ਼ਰਾਬ ਫੈਕਟਰੀ ’ਚ ਵੱਡੇ ਪੱਧਰ ’ਤੇ ਅੱਗ ਲੱਗ ਵੀ ਚੁੱਕੀ ਹੈ। ਬੇਸ਼ੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਫੈਕਟਰੀ ਦਾ ਕਰੋਡ਼ਾਂ ਦਾ ਨੁਕਸਾਨ ਗਿਆ। ਜੇਕਰ ਇਥੇ ਫਾਇਰ ਬ੍ਰਿਗੇਡ ਦੀ ਸਹੂਲਤ ਹੁੰਦੀ ਤਾਂ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾਇਆ ਜਾ ਸਕਦਾ ਸੀ। ਫੈਕਟਰੀ ’ਚ ਅੱਗ ਸ਼ਾਮ ਸਮੇਂ ਲੱਗੀ। ਉਸ ਸਮੇਂ ਤੱਕ ਮਜ਼ਦੂਰ ਛੁੱਟੀ ਕਰ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ। ਜੇਕਰ ਅੱਗ ਕਿਤੇ ਪਹਿਲਾਂ ਲੱਗ ਜਾਂਦੀ ਤਾਂ ਜਾਨੀ ਨੁਕਸਾਨ ਵੀ ਹੋ ਜਾਣਾ ਸੀ।

ਫਾਇਰ ਬ੍ਰਿਗੇਡ ਦੀ ਅਣਹੋਂਦ, ਹਰ ਸਾਲ ਅੱਗ ਦੀ ਭੇਟ ਚਡ਼੍ਹਦੀ ਹੈ ਕਈ ਏਕੜ ਕਣਕ

ਹਰ ਸਾਲ ਕਿਸਾਨਾਂ ਦੀ ਪੱਕੀ ਕਣਕ ਨੂੰ ਬਿਜਲੀ ਦੇ ਸ਼ਾਟ-ਸਰਕਟ ਕਾਰਨ ਅੱਗ ਲੱਗ ਜਾਂਦੀ ਹੈ। ਅੱਗ ’ਤੇ ਕਾਬੂ ਪਾਉਣ ਲਈ ਇਥੇ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਾਰਣ ਬਠਿੰਡਾ ਤੋਂ ਫਾਇਰ ਬ੍ਰਿਗੇਡ ਆਉਂਦੀ ਹੈ। ਉਸ ਸਮੇਂ ਤੱਕ ਅੱਗ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਂਦਾ ਹੈ। ਜੇਕਰ ਇਥੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਵੇ ਤਾਂ ਅੱਗ ’ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕਦਾ ਹੈ।

ਡੀ. ਸੀ. ਕੋਲੋਂ ਕਈ ਵਾਰ ਕੀਤੀ ਜਾ ਚੁੱਕੀ ਹੈ ਮੰਗ

ਸੰਗਤ ਮੰਡੀ ’ਤੇ ਆਸ-ਪਾਸ ਦੇ ਇਲਾਕਿਆਂ ’ਚ ਜੇਕਰ ਅੱਗ ਨਾਲ ਹਾਦਸਾ ਵਾਪਰਦਾ ਹੈ ਤਾਂ ਉਸ ਦੇ ਹੱਲ ਲਈ ਮੰਡੀ ਵਾਸੀਆਂ ਵੱਲੋਂ ਇਥੇ ਫਾਇਰ ਬ੍ਰਿਗੇਡ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਦੇ ਕੇ ਮੰਗ ਕੀਤੀ ਜਾ ਚੁੱਕੀ ਹੈ। ਫਿਰ ਵੀ ਇਥੇ ਹਾਲੇ ਫਾਇਰ ਬ੍ਰਿਗੇਡ ਦਾ ਕੋਈ ਇੰਤਜ਼ਾਮ ਨਹੀਂ। ਲੋਕਾਂ ਦੀ ਫਰਿਆਦ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਕੇ ਦਿੱਤਾ ਗਿਆ ਹੈ।

ਹਾੜ੍ਹੀ ਦੇ ਸੀਜ਼ਨ ’ਚ ਕਿਸਾਨਾਂ ਖੁਦ ਕਰਦੇ ਨੇ ਇੰਤਜ਼ਾਮ : ਗਰੇਵਾਲ

ਪਿੰਡ ਬਾਂਡੀ ਦੇ ਕਿਸਾਨ ਗੁਰਪ੍ਰੀਤ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਜਾਂਦੀ ਹੈ ਤਾਂ ਉਸ ਵੇਲੇ ਬਹੁਤੇ ਕਿਸਾਨਾਂ ਵੱਲੋਂ ਪਿੰਡ-ਪਿੰਡ ਕਣਕ ਨੂੰ ਅੱਗ ਲੱਗਣ ਦੇ ਡਰੋਂ ਸਪਰੇਅ ਵਾਲੇ ਪੰਪਾਂ ਨੂੰ ਪਾਣੀ ਨਾਲ ਭਰ ਕੇ ਟ੍ਰੈਕਟਰ ਤਿਆਰ ਰੱਖੇ ਜਾਂਦੇ ਹਨ। ਜੇਕਰ ਕਿਸੇ ਕਾਰਣ ਕਣਕ ਨੂੰ ਅੱਗ ਲੱਗ ਜਾਂਦੀ ਹੈ, ਅਜਿਹੇ ’ਚ ਟ੍ਰੈਕਟਰ ਅੱਗ ’ਤੇ ਕਾਬੂ ਪਾਉਣ ਲਈ ਜਲਦੀ ਪਹੁੰਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਮੰਡੀ ਦੇ ਨੇਡ਼ੇ ਦਰਜਨਾਂ ਪਿੰਡ ਪੈਂਦੇ ਹਨ। ਜੇਕਰ ਇਥੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਵੇ ਤਾਂ ਨੁਕਸਾਨ ਬਹੁਤ ਹੱਦ ਤੱਕ ਘਟ ਸਕਦਾ ਹੈ।

ਨਵੇ ਸੈਸ਼ਨ ਦੌਰਾਨ ਵਿਧਾਨ ਸਭਾ ’ਚ ਉਠਾਵਾਂਗੇ ਮੁੱਦਾ : ਪ੍ਰੋ. ਰੂਬੀ

ਜਦ ਇਸ ਸਬੰਧੀ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਤ ਮੰਡੀ ਦੇ ਨਾਲ ਦਰਜਨਾਂ ਪਿੰਡ ਜੁਡ਼ੇ ਹੋਣ ਤੋਂ ਇਲਾਵਾ ਇਥੇ 2 ਵੱਡੀਆਂ ਸ਼ਰਾਬ ਦੀਆਂ ਫੈਕਟਰੀਆਂ ਅਤੇ 2 ਕਾਟਨ ਫੈਕਟਰੀਆਂ ਹਨ। ਇਥੇ ਫਾਇਰ ਬ੍ਰਿਗੇਡ ਹੋਣਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਉਹ ਨਵੇ ਸ਼ੈਸਨ ਦੌਰਾਨ ਸੰਗਤ ਮੰਡੀ ’ਚ ਇਹ ਮੁੱਦਾ ਵਿਧਾਨ ਸਭਾ ’ਚ ਉਠਾਉਣਗੇ। ਉਹ ਆਪਣੇ ਤੌਰ ’ਤੇ ਵੀ ਫਾਇਰ ਬ੍ਰਿਗੇਡ ਲਈ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਦੇਣਗੇ।


Bharat Thapa

Content Editor

Related News