ਬੇਸਹਾਰਾ ਪਸ਼ੂਆਂ ਨੂੰ ਨੱਥ ਪਾਉਣ ’ਚ ਪ੍ਰਸ਼ਾਸਨ ਦੇ ਹੱਥ ਖੜ੍ਹੇ!

08/20/2019 12:26:54 AM

ਬਾਘਾਪੁਰਾਣਾ, (ਚਟਾਨੀ)- ਬੇਸਹਾਰਾ ਪਸ਼ੂਆਂ ਦੇ ਝੁੰਡਾਂ ਨੂੰ ਨੱਥ ਪਾਉਣ ’ਚ ਪ੍ਰਸ਼ਾਸਨ ਅਤੇ ਸਬੰਧਤ ਸੰਸਥਾਵਾਂ ਦੇ ਹੱਥ ਖਡ਼੍ਹੇ ਹੋ ਗਏ ਹਨ। ਸ਼ਹਿਰ ਅੰਦਰ ਇਨ੍ਹੀਂ ਦਿਨੀਂ ਸਭਨਾਂ ਮੁੱਖ ਸਡ਼ਕਾਂ, ਗਲੀਆਂ, ਜਨਤਕ ਥਾਵਾਂ ਅਤੇ ਬਾਜ਼ਾਰਾਂ ’ਚ ਪਸ਼ੂਆਂ ਦੀ ਭਰਮਾਰ ਹੈ ਅਤੇ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਲੋਕਾਂ ਦਾ ਪ੍ਰਸ਼ਾਸਨ ਨੂੰ ਇਹ ਵੱਡਾ ਉਲਾਂਭਾ ਹੈ ਕਿ ਲਗਭਗ 10 ਆਈਟਮਾਂ ’ਤੇ ਥੋਪੇ ਗਏ ਗਊ ਸੈੱਸ ਦੇ ਬਾਵਜੂਦ ਗਊਆਂ ਦੀ ਸੰਭਾਲ ਤੋਂ ਹਰੇਕ ਜ਼ਿੰਮੇਵਾਰ ਧਿਰ ਮੁਨਕਰ ਕਿਉਂ ਹੋਈ ਬੈਠੀ ਹੈ। ਡਿਪਟੀ ਕਮਿਸ਼ਨਰ ਮੋਗਾ ਵੱਲੋਂ ਜਨਤਕ ਤੌਰ ’ਤੇ ਇਹ ਗੱਲ ਮੰਨੀ ਗਈ ਹੈ ਕਿ ਨਿਯਮਾਂ ਅਨੁਸਾਰ ਕਾਰਪੋਰੇਸ਼ਨਾਂ ਅਤੇ ਕੌਂਸਲਾਂ ਦੇ ਕਾਰਜਸਾਧਕ ਅਫਸਰ ਜਾਂ ਕਮਿਸ਼ਨਰ ਇਸ ਲਈ ਸਿੱਧੇ ਤੌਰ ’ਤੇ ਜਵਾਬਦੇਹ ਹਨ ਪਰ ਫਿਰ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਖ਼ਤੀ ਨਾ ਕੀਤੇ ਜਾਣ ਤੋਂ ਲੋਕ ਹੈਰਾਨ ਹਨ।

ਇਹ ਸਮੱਸਿਆ ਕੋਈ ਨਵੀਂ ਨਹੀਂ ਹੈ, ਢਾਈ ਦਹਾਕਿਆਂ ਤੋਂ ਸਭਨਾਂ ਮੂਹਰੇ ਮੂੁੰਹ ਅੱਡੀ ਖਡ਼੍ਹੀ ਹੈ। ਇਸ ਦੇ ਹੱਲ ਲਈ ਯਤਨਾਂ ਦੀ ਘਾਟ ਹੋਣ ਕਰ ਕੇ ਇਹ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।

ਪ੍ਰਧਾਨ ਵਿਕਾਸ ਸੇਤੀਆ, ਬਲੱਡ ਡੋਨਰਜ਼ ਐਸੋਸੀਏਸ਼ਨ।

ਆਰਥਕ ਤੌਰ ’ਤੇ ਬੁਰੀ ਤਰ੍ਹਾਂ ਝੰਬੇ ਪਏ ਕਿਸਾਨਾਂ ਦੀ ਹਾਲਤ ਲਈ ਬੇਸਹਾਰਾ ਪਸ਼ੂ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਰਾਹ ਰੋਕਣ ਲਈ ਸਰਕਾਰਾਂ ਦੀ ਕਾਰਗੁਜ਼ਾਰੀ ਹੁਣ ਤੱਕ ਨਿਕੰਮੀ ਹੀ ਰਹੀ ਹੈ। ਲੰਗੇਆਣਾ ਨੇ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਸੁਝਾਏ ਗਏ ਬਦਲ ’ਤੇ ਜੇਕਰ ਸਰਕਾਰ ਧਿਆਨ ਮਾਰੇ ਤਾਂ ਦਿਨਾਂ ’ਚ ਹੀ ਇਸ ਦਾ ਹੱਲ ਸੰਭਵ ਹੈ।

ਗੁਰਜੀਤ ਸਿੰਘ ਲੰਗੇਆਣਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਪ੍ਰਧਾਨ।

ਲੋਕਾਂ ਦੇ ਭਰਵੇਂ ਸਹਿਯੋਗ ਸਦਕਾ ਸ਼ਹਿਰ ਦੀਆਂ ਗਊਸ਼ਾਲਾਵਾਂ ਦੇ ਪ੍ਰਬੰਧ ਉਨ੍ਹਾਂ ਅੱਗੇ ਵੱਡੀ ਚੁਣੌਤੀ ਹਨ। ਜੇਕਰ ਸਰਕਾਰਾਂ ਗਊਸ਼ਾਲਾਵਾਂ ਲਈ ਲੋਡ਼ੀਂਦੇ ਸਾਧਨਾਂ ਲਈ ਖੁੱਲ੍ਹਦਿਲੀ ਦਿਖਾਏ ਤਾਂ ਜਿੱਥੇ ਮੌਜੂਦਾ ਪਸ਼ੂਆਂ ਦੀ ਸੰਭਾਲ ਸੁਖਾਲੀ ਹੋ ਸਕੇਗੀ, ਉਥੇ ਹੋਰ ਪਸ਼ੂਆਂ ਲਈ ਵੀ ਥਾਂ ਦੇ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਵਧੇਗੀ।

ਜਸਵਿੰਦਰ ਸਿੰਘ ਕਾਕਾ, ਗਊਸ਼ਾਲਾ ਮੁੱਦਕੀ ਰੋਡ ਦੇ ਮੁੱਖ ਪ੍ਰਬੰਧਕ।


Bharat Thapa

Content Editor

Related News