ਸੜਕ ਪਾਰ ਕਰਦੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ, ਟਾਇਰ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ
Monday, Jan 29, 2024 - 11:56 PM (IST)
ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜੱਸੀਆਂ ਚੌਕ ਕੋਲ ਨੈਸ਼ਨਲ ਹਾਈਵੇ ’ਤੇ ਸੜਕ ਕੰਢੇ ਖੜ੍ਹੇ ਇਕ ਪਰਿਵਾਰ ਨੂੰ ਤੇਜ਼ ਰਫਤਾਰ ਬੇਕਾਬੂ ਟਰੱਕ ਵੱਲੋਂ ਕੁਚਲ ਦੇਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੁਰੂ ਹਰਿਰਾਏ ਨਗਰ ਦੇ ਨੇੜੇ ਰਹਿਣ ਵਾਲਾ ਚੰਦਨ ਕੁਮਾਰ ਆਪਣੀ ਪਤਨੀ ਪੂਜਾ ਕੁਮਾਰੀ, 6 ਸਾਲ ਦੀ ਬੇਟੀ ਰੀਆ ਕੁਮਾਰੀ ਅਤੇ 4 ਸਾਲ ਦੇ ਬੇਟੇ ਯਸ਼ ਕੁਮਾਰ ਨਾਲ ਸੜਕ ਪਾਰ ਕਰਨ ਲਈ ਨੈਸ਼ਨਲ ਹਾਈਵੇ ਦੀ ਸੜਕ ਦੇ ਕੰਢੇ ’ਤੇ ਖੜ੍ਹਾ ਹੋਇਆ ਸੀ। ਇਸ ਦੌਰਾਨ ਲੁਧਿਆਣਾ ਵੱਲੋਂ ਇਕ ਤੇਜ਼ ਰਫਤਾਰ ਬੇਕਾਬੂ ਟਰੱਕ ਅਚਾਨਕ ਉਨ੍ਹਾਂ ਵੱਲ ਆਇਆ। ਇੰਨੇ ’ਚ ਉਹ ਪਤੀ-ਪਤਨੀ ਥੋੜ੍ਹੇ ਪਿੱਛੇ ਹੋ ਗਏ ਪਰ ਉਨਾਂ ਦੀ ਧੀ ਅਤੇ ਪੁੱਤ ਨੂੰ ਟਰੱਕ ਨੇ ਬੁਰੀ ਤਰ੍ਹਾਂ ਟਾਈਰਾਂ ਥੱਲੇ ਕੁਚਲ ਦਿੱਤਾ, ਜਿਸ ਕਾਰਨ 6 ਸਾਲਾ ਬੱਚੀ ਰੀਆ ਦੇ ਚੀਥੜੇ ਉੱਡ ਗਏ ਅਤੇ 4 ਸਾਲ ਦੇ ਬੱਚੇ ਯਸ਼ ਦੀ ਪਿੱਠ ਦੇ ਉੱਪਰੋਂ ਟਾਇਰ ਗੁਜ਼ਰ ਗਿਆ।
ਇਹ ਵੀ ਪੜ੍ਹੋ- ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ
ਹਾਦਸੇ ’ਚ 6 ਸਾਲਾ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 4 ਸਾਲ ਦੇ ਯਸ਼ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦੂਜੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ. ਨਾਰਥ ਜੈਅੰਤਪੁਰੀ, ਸਹਾਇਕ ਥਾਣਾ ਮੁਖੀ ਜਤਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਬੱਚੀ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭਿਜਵਾ ਦਿੱਤੀ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ’ਤੇ ਵਾਹਨ ਛੱਡ ਕੇ ਫਰਾਰ ਹੋ ਗਿਆ। ਹਾਲ ਦੀ ਘੜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ- ਲੁਧਿਆਣਾ 'ਚ ਵਾਪਰੀ ਭਿਆਨਕ ਘਟਨਾ, ਨੌਜਵਾਨ ਦੇ ਸਿਰ 'ਚ ਪੱਥਰ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ
ਡੇਢ ਘੰਟੇ ਬਾਅਦ ਪੁੱਜੀ 108 ਐਂਬੂਲੈਂਸ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਸਰਕਾਰੀ 108 ਐਂਬੂਲੈਂਸ ਨੂੰ ਸੂਚਨਾ ਦੇ ਦਿੱਤੀ ਸੀ ਪਰ ਹਾਦਸਾ ਹੋਣ ਤੋਂ ਡੇਢ ਘੰਟੇ ਬਾਅਦ ਐਂਬੂਲੈਂਸ ਗੱਡੀ ਪੁੱਜੀ, ਉਦੋਂ ਤੱਕ ਰਾਹਗੀਰਾਂ ਦੀ ਮਦਦ ਨਾਲ ਥ੍ਰੀ-ਵ੍ਹੀਲਰ ਰਾਹੀਂ ਗੰਭੀਰ ਜ਼ਖਮੀ 4 ਸਾਲਾ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਜਦੋਂ ਡੇਢ ਘੰਟੇ ਬਾਅਦ ਐਂਬੂਲੈਂਸ ਪੁੱਜੀ ਤਾਂ ਲੋਕਾਂ ਨੇ ਭਾਰੀ ਰੋਸ ਜਤਾਇਆ, ਜਿਸ ’ਤੇ ਚਾਲਕ ਨੇ ਕਿਹਾ ਕਿ ਉਹ ਦੁੱਗਰੀ ਤੋਂ ਆਇਆ ਹੈ ਅਤੇ ਉਨ੍ਹਾਂ ਨੂੰ 60 ਕਿਲੋਮੀਟਰ ਤੱਕ ਦੀ ਸਪੀਡ ਤੱਕ ਐਂਬੂਲੈਂਸ ਚਲਾਉਣ ਦੇ ਨਿਰਦੇਸ਼ ਹਨ। ਸ਼ਹਿਰ ’ਚ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਆਉਣ ’ਚ ਦੇਰ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8