ਹੈਵਾਨੀਅਤ! ਦੋਸਤ ਦੀ ਮੌਜੂਦਗੀ ਵਿਚ ਕੁੜੀ ਨਾਲ ਕੀਤੀ ਦਰਿੰਦਗੀ
Sunday, Apr 05, 2026 - 07:48 PM (IST)
ਲੁਧਿਆਣਾ (ਰਾਜ): ਲੁਧਿਆਣਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 17 ਸਾਲਾ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਦੋਸ਼ ਹੈ ਕਿ ਇਕ ਨੌਜਵਾਨ ਨੇ ਨਾਬਾਲਗਾ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਲੈ ਜਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਨੀਰਜ ਵਰਮਾ ਖਿਲਾਫ ਕੇਸ ਦਰਜ ਕਰ ਦਿੱਤਾ ਹੈ।
ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 4 ਅਪ੍ਰੈਲ ਨੂੰ ਉਸ ਦੀ ਬੇਟੀ ਨੇ ਕਿਹਾ ਕਿ ਮੁਲਜ਼ਮ ਨੀਰਜ ਵਰਮਾ ਉਸ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਸੀ। ਉੱਥੇ ਨੀਰਜ ਦਾ ਦੋਸਤ ਵੀ ਮੌਜੂਦ ਸੀ। ਦੋਸ਼ ਹੈ ਕਿ ਨੀਰਜ ਨੇ ਲੜਕੀ ਨੂੰ ਡਰਾਇਆ-ਧਮਕਾਇਆ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜਬਰ-ਜ਼ਨਾਹ ਕੀਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਦਿੰਦੇ ਹੋਏ ਘਰ ਭੇਜ ਦਿੱਤਾ। ਪੀੜਤਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਉਸ ਨਾਲ ਅਜਿਹੀ ਘਿਨੌਣੀ ਹਰਕਤ ਕਰ ਚੁੱਕਾ ਸੀ। ਜਦੋਂ ਪੀੜਤਾ ਦੇ ਪਿਤਾ ਆਪਣੀ ਭੈਣ ਨੂੰ ਨਾਲ ਲੈ ਕੇ ਮੁਲਜ਼ਮ ਨੀਰਜ ਦੇ ਘਰ ਉਲਾਹਮਾ ਦੇਣ ਪਹੁੰਚੇ, ਤਾਂ ਉੱਥੇ ਸਥਿਤੀ ਹੋਰ ਵਿਗੜ ਗਈ। ਦੋਸ਼ ਹੈ ਕਿ ਨੀਰਜ ਦੇ ਪਰਿਵਾਰ ਵਾਲਿਆਂ ਨੇ ਪੀੜਤਾ ਦੇ ਪਰਿਵਾਰ ਨਾਲ ਨਾ ਸਿਰਫ ਬਦਤਮੀਜ਼ੀ ਅਤੇ ਗਾਲੀ-ਗਲੋਚ ਕੀਤੀ, ਸਗੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉੱਥੋਂ ਭਜਾ ਦਿੱਤਾ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
