ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੂਜੀਆਂ ਪਾਰਟੀਆਂ ਨੂੰ ਦੋਸ਼ ਦੇਣਾ ਬੰਦ ਕਰੇ ‘ਆਪ’ ਸਰਕਾਰ : ਮਲੂਕਾ

05/14/2022 5:19:59 PM

ਭਗਤਾ ਭਾਈ (ਪਰਮਜੀਤ ਢਿੱਲੋਂ) : ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਆਗੂਆਂ ਵੱਲੋਂ ਸਰਕਾਰ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਪਿਛਲੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਣਾ ਆਮ ਵਰਤਾਰਾ ਬਣ ਗਿਆ ਹੈ l ‘ਆਪ’ ’ਤੇ ਇਹ ਦੋਸ਼ ਸਾਬਕਾ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਬਿਜਲੀ ਮੁੱਦੇ ਤੇ ਕੀਤੀ ਕਿ ਬਿਆਨਬਾਜ਼ੀ ’ਤੇ ਸਵਾਲ ਚੁਕਦਿਆਂ ਲਗਾਏ l ਜ਼ਿਕਰਯੋਗ ਹੈ ਕਿ ਪ੍ਰੈੱਸ ਵਾਰਤਾ ਦੌਰਾਨ ਮਾਲਵਿੰਦਰ ਸਿੰਘ ਕੰਗ ਨੇ ਦੋਸ਼ ਲਗਾਏ ਸਨ ਕਿ ਪਿਛਲੇ 32 ਸਾਲਾਂ ਦੌਰਾਨ ਰੋਪੜ ਥਰਮਲ ਪਲਾਂਟ ਦਾ ਕਿਸੇ ਵੀ ਬਿਜਲੀ ਮੰਤਰੀ ਨੇ ਦੌਰਾ ਨਹੀਂ ਕੀਤਾ ਤੇ ਨਾ ਹੀ ਨਿਰਵਿਘਨ ਤੇ ਵਧੀਆ ਬਿਜਲੀ ਸਪਲਾਈ ਲਈ ਟਰਾਂਸਮਿਸ਼ਨ ਦੇ ਖੇਤਰ ਵਿੱਚ ਕਿਸੇ ਸਰਕਾਰ ਨੇ ਕੋਈ ਕੰਮ ਕੀਤਾ l ਮਲੂਕਾ ਨੇ ‘ਆਪ’ ਆਗੂ ’ਤੇ ਵਰ੍ਹਦਿਆਂ ਕਿਹਾ ਕਿ ‘ਆਪ’ ਆਗੂ ਤੱਥਾਂ ਤੋਂ ਅਣਜਾਣ ਝੂਠੀ ਬਿਆਨਬਾਜ਼ੀ ਕਰ ਰਹੇ ਹਨ l

ਇਹ ਵੀ ਪੜ੍ਹੋ : ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ

ਉਨ੍ਹਾਂ ਵੱਲੋਂ ਆਪਣੇ ਦੋ ਸਾਲਾਂ ਦੇ ਬਿਜਲੀ ਮੰਤਰੀ ਦੇ ਕਾਰਜਕਾਲ ਦੌਰਾਨ ਸੂਬੇ ਦੇ ਥਰਮਲ ਪਲਾਂਟਾਂ ਦਾ ਕਈ ਵਾਰ ਦੌਰਾ ਕੀਤਾ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ l ਵਿਸ਼ੇਸ਼ ਤੌਰ ’ਤੇ ਰੋਪੜ ਥਰਮਲ ਪਲਾਂਟ ਦਾ ਉਨ੍ਹਾਂ ਵੱਲੋਂ ਪੰਜ ਤੋਂ ਵੱਧ ਵਾਰ ਦੌਰਾ ਕੀਤਾ ਗਿਆ ਜਿਸ ਦੌਰਾਨ ਦੋ ਵਾਰ ਉਥੇ ਰਾਤ ਵੀ ਰਹੇ l ਟਰਾਂਸਮਿਸ਼ਨ ਸਬੰਧੀ ਗੱਲ ਕਰਦਿਆਂ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਬਿਜਲੀ ਦੀ 24 ਘੰਟੇ ਨਿਰਵਿਘਨ ਸਪਲਾਈ ਲਈ ਹਲਕਾ ਰਾਮਪੁਰਾ ਫੂਲ ਵਿੱਚ 10 ਅਤੇ ਸੂਬੇ ਵਿੱਚ ਤਕਰੀਬਨ 450 ਤੋਂ ਵੱਧ ਨਵੇਂ ਗਰਿੱਡ ਅਤੇ ਲੱਖਾਂ ਦੀ ਗਿਣਤੀ ਵਿਚ ਟਰਾਂਸਫਾਰਮਰ ਲਗਾਏ ਗਏ l ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਗਰਿੱਡ ਅਪਗਰੇਡ ਕੀਤੇ ਗਏ l ਪਿੰਡਾਂ ਅਤੇ ਸ਼ਹਿਰਾਂ ਵਿਚ ਨਵੀਆਂ ਤਾਰਾਂ ਪਾਈਆਂ ਗਈਆਂ l

ਇਹ ਵੀ ਪੜ੍ਹੋ : CM ਮਾਨ ਨੇ ਆਪਣੇ ਪਿਤਾ ਦੀ ਗਿਆਰ੍ਹਵੀਂ ਬਰਸੀ ਮੌਕੇ ਕੀਤਾ ਯਾਦ, ਕਿਹਾ- 'we miss you ‘ਮਾਸਟਰ ਜੀ’

ਮਲੂਕਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਕੰਮਾਂ ਸਦਕਾ ਹੀ ਬਿਜਲੀ ਦੀ ਲੀਕੇਜ ਵਿੱਚ ਭਾਰੀ ਕਮੀ ਆ ਗਈ ਸੀ l ਇਸ ਤੋਂ ਇਲਾਵਾ ਸੂਬੇ ਵਿੱਚ ਲੱਗਣ ਵਾਲੇ ਤਕਰੀਬਨ ਸਾਰੇ ਥਰਮਲ ਪਲਾਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੇਂਦਰ ਦੀ ਸਹਾਇਤਾ ਨਾਲ ਲਗਾਏ ਗਏ l ਸੂਬੇ ਨੂੰ ਸਰਪਲੱਸ ਪਾਵਰ ਸਟੇਟ ਬਣਾਉਣ ਲਈ ਸੋਲਰ ਪਲਾਂਟ ਅਤੇ ਪਰਾਲੀ ਨਾਲ ਚੱਲਣ ਵਾਲੇ ਪਲਾਂਟ ਦੇ ਨਾਲ ਨਾਲ ਹਾਈਡਰੋ ਪ੍ਰੋਜੈਕਟ ਵੀ ਅਕਾਲੀ ਦਲ ਵੱਲੋਂ ਲਗਾਏ ਗਏ l ਅਕਾਲੀ ਦਲ ਦੀ ਸਰਕਾਰ ਸਮੇਂ ਲੱਖਾਂ ਦੀ ਗਿਣਤੀ ਵਿੱਚ ਖੇਤੀ ਲਈ ਨਵੇਂ ਕੁਨੈਕਸ਼ਨ ਦਿੱਤੇ ਗਏ ਅਤੇ ਸ਼ਹਿਰਾਂ ਤੇ ਇੰਡਸਟ੍ਰੀਅਲ ਖੇਤਰ ਤੋਂ ਇਲਾਵਾ ਕਿਸਾਨਾਂ ਲਈ ਵੀ ਲੋਡ਼ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ l ਸੂਬੇ ਵਿੱਚ 24 ਘੰਟੇ ਨਿਰਵਿਘਨ ਸਪਲਾਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਆਰੰਭ ਕੀਤੀ ਗਈ ਸੀ l ਅਕਾਲੀ ਦਲ ਵੱਲੋਂ ਬਿਜਲੀ ਖੇਤਰ ਵਿਚ ਕੀਤੇ ਗਏ ਉਪਰਾਲਿਆਂ ਸਦਕਾ ਹੀ ਕਾਂਗਰਸ ਜੇ ਪਿਛਲੇ ਕਾਰਜਕਾਲ ਦੌਰਾਨ ਵੀ ਬਿਜਲੀ ਦਾ ਕੋਈ ਖ਼ਾਸ ਸੰਕਟ ਨਹੀਂ ਆਇਆ l ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਅਤੇ ਕਾਂਗਰਸ ਸਰਕਾਰ ਵੱਲੋਂ ਕੋਈ ਨਵਾਂ ਪਲਾਂਟ ਨਾ ਲਗਾਏ ਜਾਣ ਕਾਰਨ ਹੀ ਹੁਣ ਸੂਬੇ ਵਿੱਚ ਬਿਜਲੀ ਸੰਕਟ ਬਣਿਆ ਹੋਇਆ ਹੈ l

ਇਹ ਵੀ ਪੜ੍ਹੋ : 'ਆਯੂਸ਼ਮਾਨ ਸਕੀਮ' ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਹਰਸਿਮਰਤ ਬਾਦਲ ਨੇ ਚੁੱਕੇ ਵੱਡੇ ਸਵਾਲ

ਵਿਰੋਧੀਆਂ ਤੇ ਸਵਾਲ ਖੜ੍ਹੇ ਕਰਨ ਦੀ ਥਾਂ ਹੁਣ ਆਮ ਆਦਮੀ ਪਾਰਟੀ ਨੂੰ ਬਿਜਲੀ ਉਤਪਾਦਨ ਦੇ ਨਵੇਂ ਵਸੀਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ l ਮਲੂਕਾ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ ਤੇ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਹੀ ਪਿਛਲੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾ ਰਹੀ ਹੈ l ਮਲੂਕਾ ਨੇ ਆਪ ਆਗੂਆਂ ਨੂੰ ਨਸੀਹਤ ਦਿੱਤੀ ਕਿ ਸੂਬੇ ਵਿਚ ਹੁਣ ਤੁਹਾਡੀ ਸਰਕਾਰ ਬਣ ਚੁੱਕੀ ਹੈ ਤੇ ਹੁਣ ਤੁਸੀ ਚੋਣ ਪ੍ਰਚਾਰ ਵਾਲੀ ਬਿਆਨਬਾਜ਼ੀ ਤੋਂ ਬਾਹਰ ਆ ਕੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਵੱਲ ਧਿਆਨ ਦਿਓ l ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ l

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News