ਵਿਦੇਸ਼ ਭੇਜਣ ਦੇ ਨਾਂ ’ਤੇ 6,40,000 ਦੀ ਠੱਗੀ ਦੋ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ

06/13/2019 12:43:20 AM

ਮੋਗਾ, (ਆਜ਼ਾਦ)- ਟਰੈਵਲ ਏਜੰਟਾਂ ਵੱਲੋਂ ਵਰਕ ਪਰਮਿਟ ਦੇ ਆਧਾਰ ’ਤੇ ਅਜ਼ਰਬਾਈਜਾਨ ’ਚ ਭੇਜਣ ਦਾ ਝਾਂਸਾ ਦੇ ਕੇ ਕੁੱਝ ਲਡ਼ਕਿਆਂ ਨਾਲ 6 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੇ ਜਾਣ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵੱਲੋਂ ਲਖਵੀਰ ਸਿੰਘ ਨਿਵਾਸੀ ਪਿੰਡ ਬੁਰਜਦੁੱਨਾ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਚਰਨਜੀਤ ਸਿੰਘ ਗਿੱਲ ਨਿਵਾਸੀ ਸ਼ਾਂਤੀ ਨਗਰ ਸਿਵਲ ਲਾਈਨ ਮੋਗਾ ਅਤੇ ਰਮਨ ਕੁਮਾਰ ਸ਼ਰਮਾ ਨਿਵਾਸੀ ਰਾਮਾ ਮੰਡੀ ਜਲੰਧਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਲਖਵੀਰ ਸਿੰਘ ਨੇ ਕਿਹਾ ਕਿ ਉਕਤ ਟਰੈਵਲ ਏਜੰਟਾਂ ਨੇ ਮੇਰੇ ਸਮੇਤ ਸੁਖਜੀਤ ਸਿੰਘ, ਅਮਨਦੀਪ ਸਿੰਘ, ਪਰਮਜੀਤ ਸਿੰਘ, ਸਿਮਰਨਜੀਤ ਸਿੰਘ, ਲਖਵੀਰ ਸਿੰਘ, ਅੰਗਰੇਜ਼ ਸਿੰਘ ਨੂੰ ਅਜ਼ਰਬਾਈਜ਼ਾਨ ਵਰਕ ਪਰਮਿਟ ਦੇ ਆਧਾਰ ’ਤੇ ਭੇਜਣ ਦਾ ਝਾਂਸਾ ਦਿੱਤਾ, ਜਿਸ ’ਤੇ ਅਸੀਂ ਸਾਰਿਆਂ ਨੇ 6 , 40 ,000 ਰੁਪਏ ਦੀ ਨਕਦੀ ਦੇ ਇਲਾਵਾ ਆਪਣੇ ਪਾਸਪੋਰਟ ਵੀ ਦੇ ਦਿੱਤੇ ਪਰ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਵਰਕ ਵੀਜ਼ਾ ਨਹੀਂ ਦੁਆਇਆ ਅਤੇ ਟੂਰਿਸਟ ਵੀਜ਼ਾ ਲੈ ਕੇ ਦੇ ਦਿੱਤਾ। ਸਾਨੂੰ ਇਹ ਵੀ ਪਤਾ ਲੱਗਾ ਕਿ ਉਕਤ ਟਰੈਵਲ ਏਜੰਸੀ ਦੇ ਸੰਚਾਲਕ ਕੋਲ ਵਰਕ ਪਰਮਿਟ ਦਿਵਾਉਣ ਦਾ ਲਾਇਸੈਂਸ ਨਹੀਂ ਹੈ। ਇਸ ਤਰ੍ਹਾਂ ਉਨ੍ਹਾਂ ਸਾਡੇ ਨਾਲ ਧੋਖਾਦੇਹੀ ਕੀਤੀ ਹੈ। ਦੋਨੋਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਕਤ ਮਾਮਲੇ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Bharat Thapa

Content Editor

Related News