ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੀਤੀ 53 ਲੱਖ ਦੀ ਠੱਗੀ

08/22/2019 8:54:21 PM

ਮੋਗਾ (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਦੀ ਇਕ ਲੜਕੀ ਨੂੰ ਵਿਆਹ ਕਰਵਾ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਹਰਿੰਦਰ ਸਿੰਘ ਪਿੰਡ ਨੱਥੂ ਮਾਜਰਾ ਸੰਗਰੂਰ ਹਾਲ ਅਬਾਦ ਅਮਰੀਕਾ ਵੱਲੋਂ ਆਪਣੇ ਪਰਿਵਾਰ ਵਾਲਿਆਂ ਦੀ ਕਥਿਤ ਮਿਲੀਭੁਗਤ ਨਾਲ 53 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਨੂੰ ਕਾਬੁ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਕੁਲਦੀਪ ਕੌਰ ਨੇ ਕਿਹਾ ਕਿ ਉਸਦੀ ਇਕ ਭੈਣ ਅਮਰੀਕਾ ਰਹਿੰਦੀ ਹੈ ਅਤੇ ਉਹ ਵੀ ਅਮਰੀਕਾ ਜਾਣ ਦੀ ਚਾਹਵਾਨ ਸੀ। ਸਾਨੂੰ ਨਵੰਬਰ 2017 'ਚ ਇਕ ਅਖਬਾਰ ਦੇ ਰਾਹੀਂ ਪਤਾ ਲੱਗਾ ਕਿ ਅਮਰੀਕਨ ਜੱਟ ਸਿੱਖ ਲੜਕੇ ਲਈ ਬੀ. ਐੱਸ. ਸੀ. ਪਾਸ ਲੜਕੀ ਚਾਹੀਦੀ ਹੈ, ਜਿਸ 'ਤੇ ਸਾਡੇ ਪਰਿਵਾਰ ਵਾਲਿਆਂ ਨੇ ਲੜਕੇ ਹਰਿੰਦਰ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਿਵਾਸੀ ਨੱਥੂ ਮਾਜਰਾ ਮਾਲੇਰਕੋਟਲਾ ਸੰਗਰੂਰ ਨਾਲ ਸੰਪਰਕ ਕੀਤਾ ਅਤੇ ਦੋਵਾਂ ਪਰਿਵਾਰਾਂ ਵਿਚਕਾਰ ਗੱਲਬਾਤ ਹੋਣ ਦੇ ਬਾਅਦ ਰਿਸ਼ਤੇ ਦੀ ਗੱਲ ਤੈਅ ਹੋ ਗਈ।

30 ਦਸੰਬਰ 2017 ਨੂੰ ਤਾਜ ਹੋਟਲ ਮੋਗਾ ਵਿਚ ਰਿੰਗ ਸੈਰੇਮਨੀ ਹੋਣ ਤੋਂ ਬਾਅਦ 1.12.18 ਨੂੰ ਮੇਰਾ ਵਿਆਹ ਹਰਿੰਦਰ ਸਿੰਘ ਪੰਧੇਰ ਪੁੱਤਰ ਸਵਰਨ ਸਿੰਘ ਨਿਵਾਸੀ ਪਿੰਡ ਨੱਥੂ ਮਾਜਰਾ ਹਾਲ ਵਾਸੀ ਅਮਰੀਕਾ ਨਾਲ ਗੁਰਦੁਆਰਾ ਸਾਹਿਬ ਪਿੰਡ ਸਾਫੂਵਾਲਾ ਵਿਚ ਹੋਇਆ। ਵਿਆਹ ਦੇ ਸਮੇਂ ਅਸੀਂ ਲੜਕੇ ਦੇ ਪਰਿਵਾਰ ਵਾਲਿਆਂ ਦੀ ਮੰਗ 'ਤੇ ਇਨੋਵਾ ਗੱਡੀ ਖਰੀਦ ਕਰਨ ਲਈ 20 ਲੱਖ ਰੁਪਏ ਨਕਦ ਅਤੇ ਫਰਨੀਚਰ ਲਈ 5 ਲੱਖ ਰੁਪਏ ਦਿੱਤੇ ਅਤੇ ਵਿਆਹ 'ਤੇ ਵੀ ਲੱਖਾਂ ਰੁਪਏ ਖਰਚ ਕੀਤੇ, ਜਿਸ ਵਿਚ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਸ਼ਾਮਲ ਹੈ, ਜਿਸ ਤੋਂ ਬਾਅਦ ਮੇਰਾ ਪਤੀ 30 ਜਨਵਰੀ 2018 ਨੂੰ ਮੇਰੇ ਪੇਕੇ ਘਰ ਛੱਡ ਗਿਆ ਅਤੇ ਮੈਨੂੰ ਇਹ ਕਹਿ ਕੇ 1 ਫਰਵਰੀ 2018 ਨੂੰ ਅਮਰੀਕਾ ਚਲਾ ਗਿਆ ਕਿ ਕੋਈ ਜ਼ਰੂਰੀ ਕੰਮ ਹੈ, ਉਥੇ ਜਾ ਕੇ ਉਸਦਾ ਵੀਜ਼ਾ ਅਪਲਾਈ ਕਰ ਦੇਵੇਗਾ। ਪੀੜਤਾ ਨੇ ਕਿਹਾ ਕਿ 7 ਫਰਵਰੀ 2018 ਨੂੰ ਮੇਰਾ ਸਹੁਰਾ ਸਵਰਨ ਸਿੰਘ, ਨਨਾਣ ਜਸਪ੍ਰੀਤ ਕੌਰ ਮੈਨੂੰ ਪਿੰਡ ਤੋਂ ਆਪਣੇ ਸਹੁਰੇ ਘਰ ਲੈ ਗਏ ਅਤੇ ਉਥੇ ਜਾ ਕੇ ਮੈਨੂੰ ਤਾਹਨੇ ਮਾਰਨ ਲੱਗੇ ਅਤੇ ਕਿਹਾ ਕਿ ਸਾਨੂੰ ਫਾਰਚੂਨਰ ਗੱਡੀ ਚਾਹੀਦੀ ਸੀ, ਤੇਰੇ ਪੇਕਿਆਂ ਨੇ 20 ਲੱਖ ਹੀ ਦਿੱਤੇ ਹਨ ਅਤੇ ਕਹਿਣ ਲੱਗੇ ਕਿ 50 ਲੱਖ ਰੁਪਏ ਹੋਰ ਲੈ ਕੇ ਆ ਤਾਂ ਤੈਨੂੰ ਅਸੀਂ ਅਮਰੀਕਾ ਲੈ ਕੇ ਜਾਵਾਂਗੇ, ਜਿਸ 'ਤੇ ਮੈਂ ਆਪਣੇ ਪੇਕਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਮੈਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ ਅਤੇ 1 ਮਾਰਚ 2018 ਨੂੰ ਮੇਰੀ ਸੱਸ ਸੁਰਿੰਦਰ ਕੌਰ, ਸਹੁਰਾ ਸਵਰਨ ਸਿੰਘ ਅਤੇ ਨਨਾਣ ਜਸਪ੍ਰੀਤ ਕੌਰ ਮੈਨੂੰ ਬਿਨਾਂ ਦੱਸੇ ਅਮਰੀਕਾ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਕਰੀਬ 53 ਲੱਖ ਦੀ ਠੱਗੀ ਕੀਤੀ ਹੈ ਅਤੇ ਮੇਰਾ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਮਾਮਲੇ ਦੀ ਜਾਂਚ ਡੀ. ਐੱਸ. ਪੀ. (ਆਈ) ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ, ਜਿਸ ਵਿਚ ਸ਼ਿਕਾਇਤਕਰਤਾ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ। ਜਦਕਿ ਦੂਸਰੀ ਧਿਰ ਦੇ ਸਾਰੇ ਅਮਰੀਕਾ ਹੋਣ ਕਾਰਣ ਜਾਂਚ ਵਿਚ ਸ਼ਾਮਲ ਨਹੀਂ ਹੋ ਸਕੇ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜਤਾ ਦੇ ਪਤੀ ਹਰਿੰਦਰ ਸਿੰਘ ਪੁੱਤਰ ਸਵਰਨ ਸਿੰਘ, ਸੱਸ ਸੁਰਿੰਦਰ ਕੌਰ ਅਤੇ ਸਹੁਰੇ ਸਵਰਨ ਸਿੰਘ ਨਿਵਾਸੀ ਪਿੰਡ ਨੱਥੂ ਮਾਜਰਾ ਸੰਗਰੂਰ ਹਾਲ ਅਮਰੀਕਾ ਖਿਲਾਫ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਪਰਿਵਾਰ ਅਮਰੀਕਾ ਰਹਿੰਦਾ ਹੈ, ਜਿਸ ਕਾਰਣ ਉਥੋਂ ਲਿਆਉਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।


Karan Kumar

Content Editor

Related News