321 ਕਰੋਡ਼ ਦੇ ਘਪਲੇ ’ਚ 40 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ
Sunday, Sep 30, 2018 - 07:29 AM (IST)

ਚੰਡੀਗਡ਼੍ਹ, (ਸੁਸ਼ੀਲ)- 321 ਕਰੋਡ਼ ਦੇ ਘਪਲੇ ’ਚ ਜ਼ਿਲਾ ਅਦਾਲਤ ਨੇ 40 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਸ਼ਨੀਵਾਰ ਨੂੰ ਮਨਜ਼ੂਰ ਕਰ ਲਈ। ਉਥੇ ਹੀ ਲੁਧਿਆਣਾ ਦੀ ਇਕ ਕੰਪਨੀ ਦੇ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ। ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.), ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਤੇ ਬੈਂਕ ਆਫ ਬਡ਼ੌਦਾ ਵਿਚ 321 ਕਰੋਡ਼ ਦਾ ਘਪਲਾ ਹੋਇਆ ਸੀ। ਮਾਮਲੇ ਵਿਚ ਈ. ਡੀ. ਨੇ ਕੁਝ ਕੰਪਨੀਆਂ ਨੂੰ ਵੀ ਪਾਰਟੀ ਬਣਾਇਆ ਸੀ। ਈ. ਡੀ. ਨੇ ਜ਼ਿਲਾ ਅਦਾਲਤ ਵਿਚ ਮਨੀ ਲਾਂਡਰਿੰਗ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ। ਈ. ਡੀ. ਨੇ ਕੇਸ ਵਿਚ ਆਈ. ਓ. ਬੀ. ਦੇ ਤਤਕਾਲੀ 3 ਅਸਿਸਟੈਂਟ ਬੈਂਕ ਮੈਨੇਜਰ, ਰਿਟਾਇਰਡ ਬ੍ਰਿਗੇਡੀਅਰ, ਪ੍ਰੋਪਰਾਈਟਰਜ਼ ਤੇ ਚੰਡੀਗਡ਼੍ਹ ਬੇਸਡ ਤਿੰਨ ਨਿੱਜੀ ਕੰਪਨੀਆਂ ਦੇ ਦੋ ਡਾਇਰੈਕਟਰਾਂ ਸਮੇਤ ਕੁੱਲ 41 ਨੂੰ ਮੁਲਜ਼ਮ ਬਣਾਇਆ ਸੀ।
ਈ. ਡੀ. ਵਲੋਂ ਦਰਜ ਪਟੀਸ਼ਨ ਵਿਚ ਆਈ .ਓ. ਬੀ. ਦੀ ਚੰਡੀਗਡ਼੍ਹ ਸਥਿਤ ਬਰਾਂਚ ਦੇ ਤਿੰਨ ਤਤਕਾਲੀ ਅਸਿਟੈਂਟ ਬੈਂਕ ਮੈਨੇਜਰ ਆਸ਼ੂ ਮਹਿਰਾ, ਨੀਤੇਸ਼ ਨੇਗੀ ਤੇ ਗੌਰਵ ਭਾਟੀਆ ਨੇ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ ਦੇ ਬਿਨਾਂ ਹਾਂਗਕਾਂਗ ਬੇਸਡ ਕੰਪਨੀਆਂ ਨੂੰ ਪੈਮੇਂਟ ਲਈ ਪੀ. ਐੱਨ. ਬੀ. ਦੀ ਦੁਬਈ ਬਰਾਂਚ ਤੇ ਬਡ਼ੌਦਾ ਦੀ ਬਹਾਮਾਸ ਬਰਾਂਚ ਨੂੰ ਲੈਟਰ ਆਫ ਕ੍ਰੈਡਿਟ ਜਾਰੀ ਕਰ ਦਿੱਤਾ। ਇਸ ਆਧਾਰ ’ਤੇ ਦੋਵਾਂ ਬੈਂਕਾਂ ਨੇ ਵਿਦੇਸ਼ ਵਿਚ ਉਨ੍ਹਾਂ ਕੰਪਨੀਆਂ ਨੂੰ ਕਰੋਡ਼ਾਂ ਦੀ ਪੇਮੈਂਟ ਜਾਰੀ ਕਰ ਦਿੱਤੀ। ਇਸ ਤਰ੍ਹਾਂ ਪੀ. ਐੱਨ. ਬੀ., ਬੈਂਕ ਆਫ ਬਡ਼ੌਦਾ ਤੇ ਆਈ. ਓ. ਬੀ. ਦੀਆਂ ਬਰਾਂਚਾਂ ਨਾਲ 321 ਕਰੋਡ਼ ਰੁਪਏ ਦੀ ਧੋਖਾਦੇਹੀ ਕੀਤੀ ਗਈ। ਤਿੰਨਾਂ ਬੈਂਕ ਅਧਿਕਾਰੀਆਂ ਨੇ ਚੰਡੀਗਡ਼੍ਹ ਬੇਸਡ ਦੋ ਕੰਪਨੀਆਂ ਦੇ ਡਾਇਰੈਕਟਰਾਂ ਦਿਨੇਸ਼ ਕੁਮਾਰ, ਅਮਨਪ੍ਰੀਤ ਸਿੰਘ ਸੋਢੀ, ਅਮਨ ਕਿਰਪਾਲ, ਗੌਰਵ ਕਿਰਪਾਲ, ਬ੍ਰਿਗੇਡੀਅਰ ਐੱਮ. ਐੱਸ. ਦੁੱਲਤ ਨੂੰ ਕਰੋਡ਼ਾਂ ਦਾ ਫਾਇਦਾ ਪਹੁੰਚਾਇਆ।
ਦਿੱਲੀ ਸੀ. ਬੀ. ਆਈ. ਨੇ ਦਰਜ ਕੀਤਾ ਸੀ ਕੇਸ
ਮਾਮਲਾ 8 ਅਗਸਤ 2016 ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਦਿੱਲੀ ਸੀ. ਬੀ. ਆਈ. ਨੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ’ਚ ਦੋਸ਼ ਸੀ ਕਿ ਚੰਡੀਗਡ਼੍ਹ ਸਥਿਤ ਆਈ. ਓ. ਬੀ. ਬਰਾਂਚ ਦੇ ਫਾਰੈਕਸ ਡਿਪਾਰਟਮੈਂਟ ਵਿਚ 2010 ਤੋਂ ਤਾਇਨਾਤ ਆਸ਼ੂ ਮਹਿਰਾ, ਨਿਤੇਸ਼ ਨੇਗੀ ਤੇ ਗੌਰਵ ਭਾਟੀਆ ਨੇ ਮਿਲ ਕੇ ਦਿਨੇਸ਼ ਕੁਮਾਰ, ਅਮਨਪ੍ਰੀਤ ਸਿੰਘ ਸੋਢੀ, ਅਮਨ ਕਿਰਪਾਲ, ਗੌਰਵ ਕਿਰਪਾਲ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ ਪੀ. ਐੱਨ. ਬੀ., ਬੈਂਕ ਆਫ ਬਡ਼ੌਦਾ ਤੇ ਆਈ. ਓ. ਬੀ. ਨੂੰ 47. 86 ਮਿਲੀਅਨ ਯੂ. ਐੱਸ. ਡਾਲਰ (321 ਕਰੋਡ਼ ਰੁਪਏ) ਦਾ ਨੁਕਸਾਨ ਪਹੁੰਚਾਇਆ ਹੈ।
ਈ. ਡੀ. ਵਲੋਂ ਦਰਜ ਕੇਸ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਬਣਾਈ ਗਈ ਹਾਂਗਕਾਂਗ ਬੇਸਡ ਕੰਪਨੀ ਮੈਸਰਸ ਕਲਰ ਵੇਵ ਲਿਮਿਟਡ ਨੂੰ ਮੁੱਖ ਰੂਪ ’ਚ ਸਭ ਤੋਂ ਜ਼ਿਆਦਾ ਮੁਨਾਫ਼ਾ ਪਹੁੰਚਾਇਆ ਗਿਆ ਹੈ। ਉਥੇ ਹੀ ਬ੍ਰਿਗੇਡੀਅਰ (ਰਿਟਾ.) ਐੱਮ. ਐੱਸ. ਦੁੱਲਤ ਮੁੱਖ ਮੁਲਜ਼ਮ ਆਸ਼ੂ ਮਹਿਰਾ ਦੇ ਸਹੁਰੇ ਹਨ ਤੇ ਵਪਾਰ ਐਗਰੋਟੈਕ ਲਿਮਟਿਡ ਦੇ ਡਾਇਰੈਕਟਰ ਹਨ, ਜਿਸ ਵਿਚ ਦੂਜੇ ਡਾਇਰੈਕਟਰ ਅਮਨਪ੍ਰੀਤ ਸਿੰਘ ਸੋਢੀ ਹਨ। ਈ. ਡੀ. ਨੇ ਜਾਂਚ ਵਿਚ ਪਾਇਆ ਕਿ ਤਿੰਨਾਂ ਬੈਂਕ ਮੈਨੇਜਰਾਂ ਨੇ ਕੰਪਨੀਆਂ ਤੇ ਉਨ੍ਹਾਂ ਦੇ ਡਾਇਰੈਕਟਰਾਂ ਨੂੰ ਕਰੋਡ਼ਾਂ ਦਾ ਫਾਇਦਾ ਪਹੁੰਚਾਉਣ ਲਈ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ ਦੇ ਬਿਨਾਂ ਦੇ ਉਨ੍ਹਾਂ ਦੇ ਫੇਵਰ ’ਚ ਲੈਟਰ ਆਫ ਕ੍ਰੈਡਿਟ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਫੇਕ ਬਿੱਲ ’ਤੇ ਵੀ ਪੇਮੈਂਟ ਕਰਵਾਈ।