ਬਾਘਾਪੁਰਾਣਾ ਪੁਲਸ ਵੱਲੋਂ 4 ਸਾਲ ਪਹਿਲਾਂ ਹੋਏ ਕੁੜੀ ਦੇ ਕਤਲ ਦਾ ਪਰਦਾਫਾਸ਼

06/13/2020 10:33:02 AM

ਮੋਗਾ (ਆਜ਼ਾਦ) : ਬਾਘਾਪੁਰਾਣਾ-ਕੋਟਕਪੂਰਾ ਰੋਡ ’ਤੇ ਪਿੰਡ ਰਾਜੇਅਣਾ ਦੇ ਖੇਤਾਂ ’ਚੋਂ 4 ਸਾਲ ਪਹਿਲਾਂ ਮਿਲੀ ਇੱਕ ਨੌਜਵਾਨ ਕੁੜੀ ਆਸ਼ਤਾ ਸੱਘੜ ਉਰਫ ਆਸ਼ੂ ਨਿਵਾਸੀ ਲੁਧਿਆਣਾ ਦੇ ਕਤਲ ਦਾ ਪਰਦਾਫਾਸ਼ ਕਰਦਿਆਂ ਉਕਤ ਕੁੜੀ ਦੇ ਕਥਿਤ ਪ੍ਰੇਮੀ ਦੇ ਇਕ ਦੋਸਤ ਦਾਰਾ ਸਿੰਘ ਉਰਫ਼ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕੀਤਾ ਹੈ, ਜਿਸ ਨੇ ਕਤਲ ਦੇ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਯਤਨ ਕੀਤਾ, ਜੋ ਡੀ. ਜੇ. ਦਾ ਕੰਮ ਕਰਦਾ ਸੀ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਬਾਘਾਪੁਰਾਣਾ ਦੇ ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਬਾਘਾਪੁਰਾਣਾ ਪੁਲਸ ਵੱਲੋਂ ਬੀਤੀ 4 ਜੁਲਾਈ, 2016 ਨੂੰ ਪਿੰਡ ਰਾਜੇਆਣਾ ਦੇ ਖੇਤਾਂ 'ਚੋਂ ਇੱਕ ਅਣਪਛਾਤੀ ਲੜਕੀ ਦੀ ਲਾਸ਼ ਮਿਲਣ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਹੱਤਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਬਾਅਦ 'ਚ ਪਛਾਣ ਆਸ਼ਤਾ ਸੱਘੜ ਉਰਫ ਆਸ਼ੂ ਨਿਵਾਸੀ ਲੁਧਿਆਣਾ ਦੇ ਤੌਰ ’ਤੇ ਉਸ ਦੇ ਪਿਤਾ ਵੱਲੋਂ ਕੀਤੀ ਗਈ।
ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੀ ਬੇਟੀ 21 ਨਵੰਬਰ, 2015 ਨੂੰ ਘਰ ਤੋਂ ਚਲੀ ਗਈ ਸੀ ਤੇ ਵਾਪਸ ਨਹੀਂ ਆਈ। ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ’ਤੇ ਇਸ ਕਤਲ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ, ਜਿਸ ’ਤੇ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਜਦੋਂ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਸ਼ਾ ਸੱਘੜ ਘਰੋਂ ਚਲੀ ਗਈ ਸੀ ਅਤੇ ਉਸ ਦਾ 8 ਮਈ, 2016 ਨੂੰ ਦੁਬਾਰਾ ਆਧਾਰ ਕਾਰਡ ਜਾਰੀ ਹੋਇਆ, ਜੋ ਉਸ ਦੇ ਦੋਸਤ ਕੁਲਬੀਰ ਸਿੰਘ ਨਿਵਾਸੀ ਪਿੰਡ ਫਜ਼ਲਪੁਰਾ ਹਾਲ ਅਬਾਦ ਸੋਕਰੇ (ਸੰਗਰੂਰ) ਦੇ ਉਕਤ ਮਾਮਲੇ 'ਚ ਬਿਆਨ ਦਰਜ ਕੀਤੇ ਅਤੇ ਉਸ ਨੇ ਦੱਸਿਆ ਕਿ ਆਸ਼ਾ ਸੱਘੜ ਉਸਦੀ ਦੋਸਤ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਮੈਂ ਉਸਦਾ ਆਧਾਰ ਕਾਰਡ ਦਾਰਾ ਸਿੰਘ ਨਿਵਾਸੀ ਲਾਲ ਸਿੰਘ ਬਸਤੀ ਬਠਿੰਡ ਦੇ ਘਰ ਜਿੱਥੇ ਆਸਥਾ ਸੱਘੜ ਰਹਿੰਦੀ ਸੀ, ਨੂੰ ਕੋਰੀਅਰ ਰਾਹੀਂ ਭੇਜਿਆ ਸੀ।

ਜਾਂਚ ਸਮੇਂ ਪੁਲਸ ਨੂੰ ਇਹ ਪਤਾ ਲੱਗਾ ਕਿ ਆਸ਼ਾ ਸੱਘੜ ਉਰਫ਼ ਆਸ਼ੂ ਨੂੰ ਅਜੇ ਪੁੱਤਰ ਜਗਦੀਸ਼ ਗਿਰ ਨਿਵਾਸੀ ਰੇਲਵੇ ਕਾਲੋਨੀ ਲੁਧਿਆਣਾ 21 ਨਵੰਬਰ 2015 ਨੂੰ ਘਰੋਂ ਭਜਾ ਕੇ ਲੈ ਕੇ ਆਇਆ ਸੀ ਅਤੇ ਉਹ ਆਪਣੇ ਚਾਚੇ ਦੇ ਲੜਕੇ ਨਾਲ ਬਠਿੰਡਾ ਆਇਆ ਸੀ ਅਤੇ ਆਪਣੇ ਦੋਸਤ ਰਾਹੁਲ ਕੋਲ ਪੁੱਜਾ, ਜਿੱਥੇ ਉਨ੍ਹਾਂ ਰਾਹੁਲ ਦੇ ਦੋਸਤ ਕੋਲ ਰਾਤ ਕੱਟਣ ਦੇ ਬਾਅਦ ਉਹ ਆਪ 22 ਨਵੰਬਰ, 2015 ਨੂੰ ਲੁਧਿਆਣਾ ਵਾਪਸ ਚਲਿਆ ਗਿਆ। ਇਸ ਉਪਰੰਤ ਉਸਦਾ ਦੋਸਤ ਰਾਹੁਲ ਆਸ਼ਥਾ ਨੂੰ ਦਾਰਾ ਸਿੰਘ ਉਰਫ ਰਵੀ ਨਿਵਾਸੀ ਬਠਿੰਡਾ ਦੇ ਘਰ ਛੱਡ ਆਇਆ ਸੀ ਜੋ ਆਰਕੈਸਟਾਂ ਦਾ ਕੰਮ ਕਰਦਾ ਸੀ। ਜਾਂਚ ਸਮੇਂ ਪਤਾ ਲੱਗਾ ਕਿ 2-3 ਜੁਲਾਈ, 2016 ਦੀ ਰਾਤ ਨੂੰ ਦਾਰਾ ਸਿੰਘ ਉਰਫ ਰਵੀ ਅਤੇ ਉਸ ਦੇ ਸਾਂਢੂ ਗੋਲਡੀ ਨੇ ਆਸਥਾ ਸੱਘੜ ਉਰਫ ਆਸ਼ੂ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਇੱਕ ਐਂਬੂਲੈਂਸ ਰਾਹੀਂ ਜਿਸ ਦੇ ਡਰਾਈਵਰ ਨੇ ਉਨ੍ਹਾਂ ਕੋਲੋਂ 30 ਹਜ਼ਾਰ ਰੁਪਏ ਲਏ ਅਤੇ ਉਸ ਦੀ ਲਾਸ਼ ਨੂੰ ਬਾਘਾਪੁਰਾਣਾ ਕੋਲ ਰਛਪਾਲ ਸਿੰਘ ਦੇ ਖੇਤਾਂ 'ਚ ਬਣੇ ਖਾਲ ਅੰਦਰ ਕੱਪੜੇ 'ਚ ਲਪੇਟ ਕੇ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ ਕੋਈ ਪਤਾ ਨਾ ਲੱਗ ਸਕੇ ਤੇ ਉਹ ਨਾਲ ਹੀ ਉਸਦਾ ਆਧਾਰ ਕਾਰਡ, ਦਸਵੀਂ ਕਲਾਸ ਦਾ ਸਰਟੀਫਿਕੇਟ ਵੀ ਸੁੱਟ ਗਏ ਸਨ, ਜਿਸ ਤੋਂ ਪੁਲਸ ਨੂੰ ਉਸਦੀ ਸ਼ਨਾਖ਼ਤ ਹੋਈ ਅਤੇ ਪੁਲਸ ਨੇ ਉਸਦੇ ਪਿਤਾ ਰਾਮ ਗੋਪਾਲ ਨਿਵਾਸੀ ਰੇਲਵੇ ਕਾਲੋਨੀ ਲੁਧਿਆਣਾ ਨੂੰ ਬੁਲਾਇਆ, ਜਿਸ ਨੇ ਆਪਣੀ ਕੁੜੀ ਦੀ ਪਛਾਣ ਕੀਤੀ। ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਦਾਰਾ ਸਿੰਘ ਉਰਫ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕਰ ਲਿਆ, ਜਦੋਂ ਕਿ ਉਕਤ ਕਤਲ ਮਾਮਲੇ 'ਚ ਸ਼ਾਮਲ ਹੋਰਨਾਂ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Babita

Content Editor

Related News